ਇਸਲਾਮਾਬਾਦ, 2 ਅਗਸਤ

ਪਾਕਿਸਤਾਨ ਦੀ ਸੰਸਦ ਨੇ ਫੌਜੀ ਕਾਨੂੰਨਾਂ ਵਿੱਚ ਸੋਧ ਕਰਦਿਆਂ ਸੈਨਾ ਤੇ ਦੇਸ਼ ਦੀ ਸੁਰੱਖਿਆ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਦਾ ਖੁਲਾਸਾ ਕਰਨ ’ਤੇ ਪੰਜ ਸਾਲ ਤੱਕ ਜੇਲ੍ਹ ਦੀ ਸਜ਼ਾ ਤਜਵੀਜ਼ ਕੀਤੀ ਹੈ। ਪਿਛਲੇ ਹਫ਼ਤੇ ਸੈਨੇਟ ਵੱਲੋਂ ਇਸ ਬਿੱਲ ਨੂੰ ਪਾਸ ਕੀਤੇ ਜਾਣ ਮਗਰੋਂ ਕੌਮੀ ਅਸੈਂਬਲੀ ਨੇ ਸੋਮਵਾਰ ਨੂੰ ਪਾਕਿਸਤਾਨ ਸੈਨਾ ਕਾਨੂੰਨ 1952 ਵਿੱਚ ਤਜਵੀਜ਼ਤ ਸੋਧਾਂ ਦਾ ਸਮਰਥਨ ਕੀਤਾ ਹੈ। ਦੋਵਾਂ ਸਦਨਾਂ ਦੇ ਸਮਰਥਨ ਮਗਰੋਂ ਇਹ ਬਿੱਲ ਰਾਸ਼ਟਰਪਤੀ ਆਰਿਫ ਅਲਵੀ ਦੇ ਦਸਤਖ਼ਤ ਤੋਂ ਬਾਅਦ ਕਾਨੂੰਨ ਬਣ ਜਾਵੇਗਾ। ਸਾਬਕਾ ਪ੍ਰਧਾਨ ਮੰਤਰੀ ਤੇ ਵਿਰੋਧੀ ਧਿਰ ਦੇ ਨੇਤਾ ਇਮਰਾਨ ਖਾਨ ਦੇ ਸਮਰਥਕਾਂ ਨੂੰ ਕਟਹਿਰੇ ਵਿੱਚ ਲਿਆਉਣ ਦੇ ਮੌਜੂਦਾ ਸਰਕਾਰ ਦੇ ਯਤਨਾਂ ਤਹਿਤ ਕਦਮ ਚੁੱਕਿਆ ਗਿਆ ਹੈ। ਕਥਿਤ ਭ੍ਰਿਸ਼ਟਾਚਾਰ ਮਾਮਲੇ ’ਚ ਇਮਰਾਨ ਦੀ ਗ੍ਰਿਫ਼ਤਾਰੀ ਮਗਰੋਂ ਉਨ੍ਹਾਂ ਦੇ ਸਮਰਥਕਾਂ ਨੇ 9 ਮਈ ਨੂੰ ਕਈ ਪ੍ਰਮੁੱਖ ਫੌਜੀ ਦਫ਼ਤਰਾਂ ’ਤੇ ਹਮਲੇ ਕੀਤੇ ਸਨ।