ਕਰਾਚੀ, 21 ਜਨਵਰੀ
ਪਾਕਿਸਤਾਨ ਕਿ੍ਕਟ ਬੋਰਡ ਦੇ ਮੁਖੀ ਅਹਿਸਾਨ ਮਨੀ ਨੇ ਕਿਹਾ ਕਿ ਦੱਖਣੀ ਅਫ਼ਰੀਕਾ ਖ਼ਿਲਾਫ਼ ਹਾਲ ਹੀ ਵਿੱਚ ਸਮਾਪਤ ਹੋਈ ਤਿੰਨ ਟੈਸਟ ਮੈਚਾਂ ਦੀ ਲੜੀ ਵਿੱਚ ਟੀਮ ਦੇ ਖ਼ਰਾਬ ਪ੍ਰਦਰਸ਼ਨ ਦੇ ਕਾਰਨਾ ਦੀ ਜਾਂਚ ਕੀਤੀ ਜਾਵੇਗੀ। ਪਾਕਿਸਤਾਨ ਨੂੰ ਦੱਖਣੀ ਅਫ਼ਰੀਕਾ ਦੇ ਹੱਥੋਂ ਤਿੰਨ ਟੈਸਟ ਮੈਚ ਗੁਆਉਣੇ ਪਏ ਸਨ ਅਤੇ ਮਨੀ ਨੇ ਕਿਹਾ ਕਿ ਹਾਲ ਹੀ ਦੇ ਨਤੀਜੇ ਨਿਰਾਸ਼ਾਜਨਕ ਹਨ ਅਤੇ ਕਿ੍ਕਟ ਪ੍ਰਸ਼ੰਸਕ ਵੀ ਟੈਸਟ ਪ੍ਰਦਰਸ਼ਨ ਤੋਂ ਨਿਰਾਸ਼ ਹਨ। ਮਨੀ ਨੇ ਇਸਲਾਮਾਬਾਦ ਵਿੱਚ ਪੱਤਰਕਾਰਾਂ ਨੂੰ ਕਿਹਾ, ‘‘ਟੀਮ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਟੈਸਟ ਲੜੀ ਵਿੱਚ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਉਸ ਤੋਂ ਸਾਰੇ ਨਿਰਾਸ਼ ਹਨ। ਅਸੀਂ ਇਸ ਦੀ ਜਾਂਚ ਕਰਾਂਗੇ ਅਤੇ ਕਾਰਨਾਂ ਦਾ ਪਤਾ ਲਗਾਵਾਂਗੇ।’’ ਦੱਖਣੀ ਅਫ਼ਰੀਕਾ ਦੇ ਹੱਥੋਂ ਕਰਾਰੀ ਹਾਰ ਝੇਲਣ ਤੋਂ ਪਹਿਲਾਂ ਪਾਕਿਸਤਾਨ ਨੂੰ ਨਿਊਜ਼ੀਲੈਂਡ ਤੋਂ ਯੂਏਈ ਵਿੱਚ ਟੈਸਟ ਲੜੀ 1-2 ਨਾਲ ਗੁਆਉਣੀ ਪਈ ਸੀ।