ਇਸਲਾਮਾਬਾਦ : ਪਾਕਿਸਤਾਨ ਦੇ ਦੱਖਣ-ਪਛਮੀ ਬਲੋਚਿਸਤਾਨ ਸੂਬੇ ’ਚ ਅੱਤਵਾਦੀਆਂ ਨਾਲ ਝੜਪ ’ਚ ਘੱਟੋ-ਘੱਟ 18 ਸੁਰੱਖਿਆ ਕਰਮਚਾਰੀ ਮਾਰੇ ਗਏ। 23 ਅੱਤਵਾਦੀ ਵੀ ਹਲਾਕ ਹੋ ਗਏ। ਫੌਜ ਨੇ ਕਿਹਾ ਕਿ ਅੱਤਵਾਦੀ ਪਿਛਲੇ 24 ਘੰਟਿਆਂ ’ਚ ਅਸ਼ਾਂਤ ਬਲੋਚਿਸਤਾਨ ਦੇ ਵੱਖ-ਵੱਖ ਇਲਾਕਿਆਂ ’ਚ ਮਾਰੇ ਗਏ।
ਸਨਿਚਰਵਾਰ ਨੂੰ ਹਰਨਾਈ ਜ਼ਿਲ੍ਹੇ ’ਚ ਅਜਿਹੇ ਹੀ ਇਕ ਆਪਰੇਸ਼ਨ ’ਚ ਕੌਮੀ ਫ਼ੌਜੀਆਂ ਨੇ ਅੱਤਵਾਦੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕੀਤਾ, ਜਿਸ ’ਚ 11 ਅਤਿਵਾਦੀ ਮਾਰੇ ਗਏ ਅਤੇ ਅੱਤਵਾਦੀਆਂ ਦੇ ਕਈ ਟਿਕਾਣਿਆਂ ਨੂੰ ਤਬਾਹ ਕਰ ਦਿਤਾ ਗਿਆ।
ਇਸ ਤੋਂ ਪਹਿਲਾਂ ਸ਼ੁਕਰਵਾਰ ਰਾਤ ਨੂੰ 12 ਅਤਿਵਾਦੀ ਮਾਰੇ ਗਏ ਸਨ ਜਦਕਿ ਸੁਰੱਖਿਆ ਬਲਾਂ ਨੇ ਕਲਾਤ ਦੇ ਮੰਗੋਚਰ ਇਲਾਕੇ ’ਚ ਨਾਕਾਬੰਦੀ ਕਰਨ ਦੀ ਅੱਤਵਾਦੀਆਂ ਦੀ ਕੋਸ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰ ਦਿਤਾ ਸੀ। ਫੌਜ ਨੇ ਕਿਹਾ ਕਿ ਪਿਛਲੇ 24 ਘੰਟਿਆਂ ’ਚ ਬਲੋਚਿਸਤਾਨ ’ਚ ਵੱਖ-ਵੱਖ ਮੁਹਿੰਮਾਂ ’ਚ ਹੁਣ ਤਕ ਕੁਲ 23 ਅਤਿਵਾਦੀਆਂ ਨੂੰ ਨਰਕ ’ਚ ਭੇਜਿਆ ਗਿਆ ਹੈ।
ਫੌਜ ਨੇ ਕਿਹਾ ਕਿ ਸੁਰੱਖਿਆ ਬਲ ਨਾ ਸਿਰਫ ਬਲੋਚਿਸਤਾਨ ਬਲਕਿ ਪੂਰੇ ਪਾਕਿਸਤਾਨ ਤੋਂ ਅੱਤਵਾਦੀ ਦੇ ਖ਼ਤਰੇ ਦਾ ਖਾਤਮਾ ਕਰਨ ਲਈ ਦ੍ਰਿੜ ਹਨ। ਹਾਲਾਂਕਿ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਬਲੋਚਿਸਤਾਨ ਬਲੋਚ ਕੱਟੜਪੰਥੀਆਂ ਵਲੋਂ ਕੀਤੀ ਗਈ ਹਿੰਸਾ ਦੀ ਲਪੇਟ ’ਚ ਹੈ ਜੋ ਨਿਯਮਤ ਤੌਰ ’ਤੇ ਸੁਰੱਖਿਆ ਬਲਾਂ ਅਤੇ ਦੂਜੇ ਸੂਬਿਆਂ ਨਾਲ ਸਬੰਧਤ ਲੋਕਾਂ ’ਤੇ ਹਮਲਾ ਕਰਦੇ ਹਨ।
ਬਲੋਚਿਸਤਾਨ ਪਾਕਿਸਤਾਨ ਦਾ ਸੱਭ ਤੋਂ ਵੱਡਾ ਸੂਬਾ ਹੈ ਪਰ ਹਾਲਾਂਕਿ ਇਸ ਕੋਲ ਹੋਰ ਸੂਬਿਆਂ ਨਾਲੋਂ ਜ਼ਿਆਦਾ ਸਰੋਤ ਹਨ ਪਰ ਇਹ ਸੱਭ ਤੋਂ ਘੱਟ ਵਿਕਸਤ ਹੈ। ਇਹ ਘਟਨਾ ਖੈਬਰ ਪਖਤੂਨਖਵਾ ਵਿਚ ਸੁਰੱਖਿਆ ਬਲਾਂ ਦੇ ਵੱਖ-ਵੱਖ ਅਤਿਵਾਦ ਵਿਰੋਧੀ ਮੁਹਿੰਮਾਂ ਦੇ ਇਕ ਦਿਨ ਤੋਂ ਵੀ ਘੱਟ ਸਮੇਂ ਬਾਅਦ ਹੋਈ ਹੈ।
ਆਈ.ਐਸ.ਪੀ.ਆਰ. ਨੇ ਸ਼ੁਕਰਵਾਰ ਨੂੰ ਕਿਹਾ ਕਿ ਖੈਬਰ ਪਖਤੂਨਖਵਾ ਦੇ ਵੱਖ-ਵੱਖ ਇਲਾਕਿਆਂ ’ਚ ਪੰਜ ਮੁਹਿੰਮਾਂ ’ਚ ਘੱਟੋ-ਘੱਟ 10 ਅੱਤਵਾਦੀ ਮਾਰੇ ਗਏ। ਇਹ ਕਾਰਵਾਈ ਇਕ ਨਿਰੰਤਰ ਕੋਸ਼ਿਸ਼ ਦਾ ਹਿੱਸਾ ਹੈ ਕਿਉਂਕਿ 2021 ਵਿਚ ਤਾਲਿਬਾਨ ਦੇ ਅਫਗਾਨਿਸਤਾਨ ਵਿਚ ਸੱਤਾ ਵਿਚ ਵਾਪਸ ਆਉਣ ਤੋਂ ਬਾਅਦ ਦੇਸ਼ ਵਿਚ ਹਿੰਸਕ ਹਮਲਿਆਂ ਵਿਚ ਵਾਧਾ ਹੋਇਆ ਹੈ, ਖ਼ਾਸਕਰ ਕੇਪੀ ਅਤੇ ਬਲੋਚਿਸਤਾਨ ਦੇ ਸਰਹੱਦੀ ਸੂਬਿਆਂ ਵਿਚ।
ਪਾਬੰਦੀਸ਼ੁਦਾ ਅੱਤਵਾਦੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਸਮੂਹ ਵਲੋਂ ਸਰਕਾਰ ਨਾਲ ਜੰਗਬੰਦੀ ਸਮਝੌਤਾ ਤੋੜਨ ਤੋਂ ਬਾਅਦ ਅੱਤਵਾਦੀ ਹਮਲੇ ਵਧੇ ਹਨ। ਕੁਲ 444 ਅਤਿਵਾਦੀ ਹਮਲਿਆਂ ਦੌਰਾਨ ਸੁਰੱਖਿਆ ਬਲਾਂ ਦੇ ਘੱਟੋ-ਘੱਟ 685 ਮੈਂਬਰਾਂ ਦੀ ਜਾਨ ਜਾਣ ਦੇ ਨਾਲ, 2024 ਇਕ ਦਹਾਕੇ ’ਚ ਪਾਕਿਸਤਾਨ ਦੇ ਸਿਵਲ ਅਤੇ ਫੌਜੀ ਸੁਰੱਖਿਆ ਬਲਾਂ ਲਈ ਸੱਭ ਤੋਂ ਘਾਤਕ ਸਾਲ ਸਾਬਤ ਹੋਇਆ।