ਪਠਾਨਕੋਟ/ਗੁਰਦਾਸਪੁਰ/ਅੰਮ੍ਰਿਤਸਰ, 2 ਫਰਵਰੀ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਸਾਡਾ ਗੁਆਂਢੀ ਮੁਲਕ ਪਾਕਿਸਤਾਨ ਆਹਮੋ-ਸਾਹਮਣੇ ਸਿੱਧੀ ਜੰਗ ਨਹੀਂ ਲੜ ਸਕਦਾ, ਇਸ ਕਰ ਕੇ ਉਹ ਲੁਕਵੀਂ ਜੰਗ ਰਾਹੀਂ ਡਰੱਗਜ਼ ਆਦਿ ਭੇਜ ਕੇ ਸਾਡੀ ਨਵੀਂ ਪੀੜ੍ਹੀ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ। ਉਸ ਦੇ ਮਾੜੇ ਮਨਸੂਬਿਆਂ ਨੂੰ ਸਰਹੱਦੀ ਪਿੰਡਾਂ ਵਿੱਚ ਰਹਿੰਦੇ ਲੋਕ ਜਾਗਰੂਕਤਾ ਰਾਹੀਂ ਚੌਕਸੀ ਕਰ ਕੇ ਫੇਲ੍ਹ ਕਰ ਸਕਦੇ ਹਨ। ਇਹ ਪ੍ਰਗਟਾਵਾ ਉਨ੍ਹਾਂ ਨੇ ਅੱਜ ਪਠਾਨਕੋਟ ਦੇ ਆਡੀਟੋਰੀਅਮ ਵਿੱਚ ਕੌਮਾਂਤਰੀ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਪੰਚਾਂ-ਸਰਪੰਚਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ, ਡਾਇਰੈਕਟਰ ਜਨਰਲ ਪੁਲੀਸ ਗੌਰਵ ਯਾਦਵ, ਰਾਜਪਾਲ ਦੇ ਪ੍ਰਿੰਸੀਪਲ ਸਕੱਤਰ ਰਾਖੀ ਗੁਪਤਾ ਭੰਡਾਰੀ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਰਾਜਪਾਲ ਨੇ ਕਿਹਾ ਕਿ ਇਸ ਵੇਲੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਛੇ ਜ਼ਿਲ੍ਹੇ ਬਹੁਤ ਸੰਵੇਦਨਸ਼ੀਲ ਹਨ ਅਤੇ ਪਾਕਿਸਤਾਨ ਪੰਜਾਬ ਨੂੰ ਕਮਜ਼ੋਰ ਕਰਨ ਲਈ ਡਰੋਨਾਂ ਅਤੇ ਹੋਰ ਗਤੀਵਿਧੀਆਂ ਰਾਹੀਂ ਡਰੱਗਜ਼ ਅਤੇ ਹਥਿਆਰ ਭੇਜ ਰਿਹਾ ਹੈ। ਹਾਲਾਂਕਿ ਬੀਐੱਸਐੱਫ, ਆਰਮੀ ਅਤੇ ਪੰਜਾਬ ਪੁਲੀਸ ਨੇ ਕਾਫੀ ਖੇਪਾਂ ਫੜੀਆਂ ਅਤੇ ਡਰੋਨਾਂ ਨੂੰ ਵੀ ਹੇਠਾਂ ਸੁੱਟਿਆ ਹੈ ਪਰ ਫਿਰ ਵੀ ਨਸ਼ਾ ਬਹੁਤ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਏਜੰਸੀਆਂ ਨੂੰ ਮਿਲ ਬੈਠ ਕੇ ਕੋਈ ਠੋਸ ਯੋਜਨਾਬੰਦੀ ਕਰ ਕੇ ਜੰਗੀ ਪੱਧਰ ’ਤੇ ਕੰਮ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਸ ਬਾਰੇ ਕੇਂਦਰ ਸਰਕਾਰ ਵੀ ਬਹੁਤ ਚਿੰਤਤ ਹੈ। ਉਨ੍ਹਾਂ ਕਿਹਾ ਕਿ ਸਰਹੱਦ ਨਾਲ ਲੱਗਦੇ ਪਿੰਡਾਂ ਵਿੱਚ ਸੁਰੱਖਿਆ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਹਨ।
ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਪੰਜਾਬ ਦੇ ਰਾਜਪਾਲ ਦਾ ਧਿਆਨ ਇਸ ਗੱਲ ਵੱਲ ਦਿਵਾਇਆ ਕਿ ਕੌਮਾਂਤਰੀ ਸਰਹੱਦ ’ਤੇ ਕੰਡਿਆਲੀ ਤਾਰ ਤੋਂ ਪਾਰ ਦੀਆਂ ਜ਼ਮੀਨਾਂ ਦੇ ਕਿਸਾਨਾਂ ਨੂੰ ਕੇਂਦਰ ਵੱਲੋਂ ਦਿੱਤਾ ਜਾਣ ਵਾਲਾ ਮੁਆਵਜ਼ਾ ਲੰਬਿਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਇੱਕ ਯੋਜਨਾ ਤਿਆਰ ਕੀਤੀ ਹੈ, ਜਿਸ ਵਿੱਚ ਕੰਡਿਆਲੀ ਤਾਰ ਦੇ ਪਾਰ ਜਿਹੜੇ ਕਿਸਾਨਾਂ ਦੀ ਜ਼ਮੀਨ ਪੈਂਦੀ ਹੈ, ਉਥੇ ਕੰਡਿਆਲੀ ਤਾਰ ਪਿੱਛੇ ਕਰ ਕੇ ਜ਼ੀਰੋ ਲਾਈਨ ਉਪਰ ਲਗਾਈ ਜਾਵੇ। ਇਸ ਬਾਰੇ ਸਰਹੱਦ ਉਪਰ ਪੈਂਦੇ ਛੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੂਰੀ ਰਿਪੋਰਟ ਬਣਾਉਣ ਲਈ ਕਿਹਾ ਗਿਆ ਹੈ।
ਉਥੇ ਹੀ ਸ੍ਰੀ ਬਨਵਾਰੀ ਲਾਲ ਪੁਰੋਹਿਤ ਅੱਜ ਸਥਾਨਕ ਹੋਟਲ ਮੈਨੇਜਮੈਂਟ ਸੰਸਥਾ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਪਿੰਡਾਂ ਦੇ ਸਰਪੰਚਾਂ, ਮੋਹਤਬਰ ਵਿਅਤਕੀਆਂ ਅਤੇ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਨਾਲ ਵੀ ਰੂਬਰੂ ਹੋਏ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਹੱਦੀ ਪਿੰਡਾਂ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਬਣਾ ਕੇ ਦੇਸ਼ ਦੀ ਸੁਰੱਖਿਆ ਸਬੰਧੀ ਲੋਕਾਂ ਵਿੱਚ ਲਿਆਂਦੀ ਜਾ ਰਹੀ ਜਾਗਰੂਕਤਾ ਅਤੇ ਸਰਹੱਦੀ ਖੇਤਰ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਰਾਹਨਾ ਕੀਤੀ। ਇਸ ਮੌਕੇ ਸਰਹੱਦੀ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਨੇ ਵੀ ਆਪਣੇ ਵਿਚਾਰ ਰਾਜਪਾਲ ਨਾਲ ਸਾਂਝੇ ਕੀਤੇ।
ਅੰਮ੍ਰਿਤਸਰ ਤੇ ਤਰਨ ਤਾਰਨ ਜ਼ਿਲ੍ਹਿਆਂ ਦੇ ਪੰਚਾਂ-ਸਰਪੰਚਾਂ ਨਾਲ ਵੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਪਾਕਿਸਤਾਨ ਵੱਲੋਂ ਭਾਰਤ ਨਾਲ ਲੁਕਵੇਂ ਰੂਪ ਵਿੱਚ ਲੜੀ ਜਾ ਰਹੀ ਜੰਗ ਵਿਰੁੱਧ ਲਾਮਬੰਧ ਹੋ ਕੇ ਦੁਸ਼ਮਣ ਨੂੰ ਇਸ ਦਾ ਮੂੰਹਤੋੜ ਜਵਾਬ ਦਿੱਤਾ ਜਾਵੇ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।