ਇਸਲਾਮਾਬਾਦ, 11 ਅਗਸਤ
ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਪ੍ਰਧਾਨ ਮੰਤਰੀ ਸ਼ਹਬਿਾਜ਼ ਸ਼ਰੀਫ ਦੀ ਸਲਾਹ ’ਤੇ ਕੌਮੀ ਅਸੈਂਬਲੀ ਭੰਗ ਕਰ ਦਿੱਤੀ ਹੈ। ਇਸ ਨਾਲ ਜਿੱਥੇ ਮੌਜੂਦਾ ਸਰਕਾਰ ਦਾ ਕਾਰਜਕਾਲ ਸਮਾਪਤ ਹੋ ਗਿਆ ਹੈ, ਉੱਥੇ ਆਗਾਮੀ ਆਮ ਚੋਣਾਂ ਲਈ ਵੀ ਰਾਹ ਪੱਧਰਾ ਹੋ ਗਿਆ ਹੈ। ਕੌਮੀ ਅਸੈਂਬਲੀ ਭੰਗ ਕਰਨ ਦਾ ਨੋਟੀਫਿਕੇਸ਼ਨ ਐਵਾਨ-ਏ-ਸਦਰ ਵੱਲੋਂ ਜਾਰੀ ਕੀਤਾ ਗਿਆ ਸੀ, ਜਿਸ ਮੁਤਾਬਕ ਅਸੈਂਬਲੀ ਨੂੰ ਸੰਵਿਧਾਨ ਦੀ ਧਾਰਾ 58 ਤਹਿਤ ਭੰਗ ਕਰ ਦਿੱਤਾ ਗਿਆ। ਰਾਸ਼ਟਰਪਤੀ ਅਲਵੀ ਨੇ ਕਿਹਾ,‘ਪੈਰਾ 6 ’ਤੇ ਦਿੱਤੀ ਗਈ ਪ੍ਰਧਾਨ ਮੰਤਰੀ ਦੀ ਸਿਫ਼ਾਰਸ਼ ਮਨਜ਼ੂਰ ਕੀਤੀ ਜਾਂਦੀ ਹੈ।’
ਇਸ ਸਬੰਧੀ ‘ਡਾਅਨ’ ਅਖ਼ਬਾਰ ਵਿੱਚ ਪ੍ਰਕਾਸ਼ਿਤ ਖ਼ਬਰ ਮੁਤਾਬਕ ਸੰਸਦੀ ਮਾਮਲਿਆਂ ਬਾਰੇ ਮੰਤਰੀ ਮੁਰਤਜ਼ਾ ਜਾਵੇਦ ਅੱਬਾਸੀ ਨੇ ਕਿਹਾ,‘ਚੁਣੀ ਹੋਈ ਸਰਕਾਰ ਨੇ ਆਪਣਾ ਪੰਜ ਸਾਲਾ ਕਾਰਜਕਾਲ ਪੂਰਾ ਕਰ ਲਿਆ ਹੈ ਤੇ ਉਨ੍ਹਾਂ ਅਸੈਂਬਲੀ ਭੰਗ ਕਰਨ ਲਈ ਪ੍ਰਧਾਨ ਮੰਤਰੀ ਨੂੰ ਸਿਫ਼ਾਰਸ਼ ਕੀਤੀ ਹੈ।’ ਇਸ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨੇ ਇਸਲਾਮਾਬਾਦ ਵਿੱਚ ਕੈਬਨਿਟ ਦੀ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ। ਸਮੇਂ ਤੋਂ ਪਹਿਲਾਂ ਅਸੈਂਬਲੀ ਭੰਗ ਹੋਣ ਮਗਰੋਂ ਹੁਣ ਚੋਣ ਕਮਿਸ਼ਨ ਨੂੰ 90 ਦਿਨਾਂ ਵਿੱਚ ਚੋਣਾਂ ਕਰਵਾਉਣਗੀਆਂ ਪੈਣਗੀਆਂ ਜਦਕਿ ਜੇ ਅਸੈਂਬਲੀ ਆਪਣਾ ਸੰਵਿਧਾਨਕ ਕਾਰਜਕਾਲ ਪੂਰਾ ਕਰਦੀ ਤਾਂ 60 ਦਿਨਾਂ ’ਚ ਚੋਣਾਂ ਕਰਵਾਉਣੀਆਂ ਪੈਣੀਆਂ ਸਨ।