ਨਵੀਂ ਦਿੱਲੀ, 27 ਦਸੰਬਰ :  ਪਾਕਿਸਤਾਨ ਵਿਚ ਸਿੱਖ ਅਤੇ ਹਿੰਦੂ ਲੜਕੀਆਂ ਨੂੰ  ਅਗਵਾ ਕਰ ਕੇ ਉਹਨਾਂ ਦਾ ਧਰਮ ਪਰਿਵਰਤਨ ਕਰਵਾਉਣ ਦੀ ਬਿਰਤੀ ਜਾਰੀ ਹੈ ਤੇ ਹੁਣ ਤਾਜ਼ਾ ਮਾਮਲੇ ਵਿਚ ਮਹਿਕ ਕੇਸਵਾਨੀ  ਪੁੱਤਰੀ ਅਮਰ ਲਾਲ ਕੇਸਵਾਨੀ ਨਾਂ ਦੀ ਲੜਕੀ ਦਾ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ ਹੈ। ਇਹ ਖੁਲ•ਾਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ  ਦੱਸਿਆ ਕਿ ਤਾਜ਼ਾ ਮਾਮਲੇ ਵਿਚ  ਮਹਿਕ ਕੇਸਵਾਨੀ ਨਾਂ ਦੀ ਲੜਕੀ ਦਾ ਨਾਂ ਬਦਲ ਕੇ ਮਹਿਕ ਫਾਤਿਮਾ ਰੱਖ ਦਿੱਤਾ ਗਿਆ ਹੈ  ਤੇ ਫੇਰ ਮੁਹੰਮਦ ਅਸ਼ਰ ਨਾਂ ਦੇ ਮੁਸਲਿਮ ਵਿਅਕਤੀ ਨਾਲ ਉਸਦਾ ਵਿਆਹ ਕਰਵਾ ਦਿੱਤਾ ਗਿਆ।  ਉਹਨਾਂ ਦੱਸਿਆ ਕਿ  ਜਗਜੀਤ ਕੌਰ ਤੇ ਹੋਰ ਬਾਕੀ ਕੇਸਾਂ ਵਾਂਗ ਇਹ ਵੀ ਪਹਿਲਾਂ ਅਗਵਾ ਕੀਤੀ ਗਈ, ਫਿਰ ਧਰਮ ਪਰਿਵਰਤਨ ਕਰਵਾਇਆ ਗਿਆ ਤੇ ਫਿਰ ਮੁਸਲਿਮ ਲੜਕੇ ਮੁਹੰਮਦ ਅਸ਼ਰ ਨਾਂ ਦੇ ਵਿਅਕਤੀ ਨਾਲ ਕਰ ਦਿੱਤਾ ਗਿਆ।

ਉਹਨਾਂ ਦੱਸਿਆ ਕਿ ਪਾਕਿਸਤਾਨੀ ਸਿਆਸਤਦਾਨ ਮੀਆਂ ਜਾਵੇਦ ਨੇ ਇਸਦਾ ਵਿਆਹ ਕਰਵਾਇਆ  ਹੈ। ਉਹਨਾਂ ਦੱਸਿਆ ਕਿ ਪਾਕਿਸਤਾਨ ਵਿਚ ਮੀਆਂ ਮਿੱਠੂ ਨਾਂ ਦਾ ਅਜਿਹਾ ਵਿਅਕਤੀ ਹੈ ਜੋ ਕਿ  ਅਜਿਹੇ ਮਾਮਲਿਆਂ ਵਿਚ ਧਰਮ ਪਰਿਵਰਤਨ ਕਰਵਾਉਣ ਤੇ ਨਿਕਾਹ ਕਰਵਾਉਣ ਲਈ ਮਸ਼ਹੂਰ ਹੈ। ਉਸਨੇ ਪਹਿਲਾਂ ਵੀ ਬਹੁਤ ਸਾਰੇ ਕੇਸਾਂ ਵਿਚ ਧਰਮ ਪਰਿਵਰਤਨ ਕਰਵਾ ਕੇ ਅਜਿਹੇ ਨਿਕਾਹ ਕਰਵਾਏ ਹਨ।

ਉਹਨਾਂ ਦੱਸਿਆ ਕਿ ਲੜਕੀ ਦੇ ਪਿਤਾ ਅਮਰ ਲਾਲ ਕੇਸਵਾਨੀ ਆਪਣੀ ਲੜਕੀ ਦੇ ਮਾਮਲੇ ਵਿਚ ਇਨਸਾਫ ਹਾਸਲ ਕਰਨ ਵਾਸਤੇ ਸੜਕਾਂ ‘ਤੇ ਰੋਸ ਮੁਜ਼ਾਹਰੇ ਕਰ ਰਿਹਾ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ।  

ਸ੍ਰੀ ਸਿਰਸਾ ਨੇ ਕਿਹਾ ਕਿ ਪਾਕਿਸਤਾਨ ਵਿਚ ਹਰ ਸਾਲ ਸਿੰਧ ਤੋਂ 1000 ਲੜਕੀਆਂ ਦਾ ਧਰਮ ਪਰਿਵਰਤਨ ਕਰਵਾਇਆ ਜਾਂਦਾ ਹੈ ਕਿਉਂਕਿ ਉਹ ਦੇਸ਼ ਵਿਚ ਘੱਟ ਗਿਣਤੀ ਸਿੱਖ ਅਤੇ ਹਿੰਦੂ ਭਾਈਚਾਰੇ ਨਾਲ ਸਬੰਧਤ ਲੜਕੀਆਂ ਹਨ।  ਉਹਨਾਂ ਕਿਹਾ ਕਿ ਇਹਨਾਂ ਲੜਕੀਆਂ ਨਾਲ ਅਤਿਆਚਾਰ ਇਸ ਕਰ ਕੇ ਹੋ ਰਿਹਾ ਹੈ ਕਿਉਂਕਿ ਉਹ ਘੱਟ ਗਿਣਤੀ ਨਾਲ ਸਬੰਧਤ ਹਨ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ  ਪਾਕਿਸਤਾਨ, ਅਫਗਾਨਿਤਸਾਨ ਤੇ ਬੰਗਲਾਦੇਸ਼ ਵਿਚ ਘੱਟ ਗਿਣਤੀਆਂ ਕੋਲ ਭਾਰਤ ਵਿਚ ਆ ਕੇ ਵਸਣ ਤੋਂ ਇਲਾਵਾ ਹੋਰ ਕੋਈ ਚਾਰਾ ਬਾਕੀ ਨਹੀਂ ਰਹਿ ਗਿਆ ਜਿਥੇ ਉਹ ਜਾ ਕੇ ਸ਼ਰਣ ਲੈ ਸਕਣ।

ਸ੍ਰੀ ਸਿਰਸਾ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਪਰਿਵਾਰਾਂ ਨੂੰ ਇਥੇ ਸ਼ਰਣ ਦਿੱਤੀ ਜਾਵੇ ਅਤੇ ਨਾਗਰਿਕਤਾ ਪ੍ਰਦਾਨ ਕੀਤੀ ਜਾਵੇ ਤਾਂ ਜੋ ਅਸੀਂ ਘੱਟ ਗਿਣਤੀਆਂ ਦੀਆਂ ਆਪਣੀਆਂ ਧੀਆਂ  ਅਤੇ ਪਰਿਵਾਰਾਂ ਦੀ ਰਾਖੀ ਕਰ ਸਕੀਏ। ਉਹਨਾਂ ਕਿਹਾ ਕਿ ਕਿਉਂਕਿ ਭਾਰਤ ਘੱਟ ਗਿਣਤੀਆਂ ਦਾ ਮੁੱਖ ਦੇਸ਼ ਹੈ, ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਇਹਨਾਂ ਤਿੰਨਾਂ ਮੁਲਕਾਂ ਵਿਚ ਰਹਿੰਦੇ ਘੱਟ ਗਿਣਤੀ ਪਰਿਵਾਰਾਂ ਲਈ ਜਲਦੀ ਤੋਂ ਜਲਦੀ ਉਪਰਾਲੇ ਕਰੀਏ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਜਿਸ ਤੇਜ਼ੀ ਨਾਲ ਪਿਛਲੇ ਦਿਨਾਂ ਤੋਂ ਘੱਟ ਗਿਣਤੀਆਂ ਦੀਆਂ ਲੜਕੀਆਂ ਨੂੰ ਅਗਵਾ ਕਰਕੇ, ਜਬਰੀ ਧਰਮ ਪਰਿਵਰਤਨ ਕਰ ਕੇ ਅਤੇ ਮੁਸਲਮਾਨ ਲੜਕਿਆਂ ਨਾਲ ਨਿਕਾਹ ਪੜਾਉਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਉਸਨੂੰ ਵੇਖਦਿਆਂ ਉਹਨਾਂ ਨੂੰ ਡਰ ਹੈ ਕਿ ਜੋ ਬਾਕੀ ਪਰਿਵਾਰ ਉਥੇ ਰਹਿ ਗਏ ਹਨ,ਉਹਨਾਂ ਨਾਲ ਵੀ ਬਹੁਤ ਜ਼ਿਆਦਾ ਜ਼ਿਆਦਤੀ ਅਤੇ ਧੱਕੇਸ਼ਾਹੀ ਹੋ ਸਕਦੀ ਹੈ। ਇਸ ਲਈ ਸਮਾਂ ਰਹਿੰਦੇ ਭਾਰਤ  ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ।