ਸੰਯੁਕਤ ਰਾਸ਼ਟਰ, 25 ਸਤੰਬਰ

ਸੰਯੁਕਤ ਰਾਸ਼ਟਰ ਮਹਾਸਭਾ (ਯੂਐੱਨਜੀਏ) ਵਿੱਚ ਕਸ਼ਮੀਰ ਮੁੱਦੇ ‘ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਬਿਆਨਬਾਜ਼ੀ ਦੇ ਜਵਾਬ ਵਿੱਚ ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ਇੱਕ ਅਜਿਹਾ ਦੇਸ਼ ਹੈ ਜਿੱਥੇ ਅਤਿਵਾਦੀ ਖੁੱਲ੍ਹ ਕੇ ਆ-ਜਾ ਸਕਦੇ ਹਨ।ਪਾਕਿਸਤਾਨ ਅੱਗ ਨੂੰ ਭੜਕਾਉਣ ਵਾਲਾ ਮੁਲਕ ਹੈ ਜਦ ਕਿ ਉਹ ਆਪਣੇ ਆਪ ਨੂੰ ਅੱਗ ਬੁਝਾਉਣ ਵਾਲੇ ਵਜੋਂ ਪੇਸ਼ ਕਰਦਾ ਹੈ। ਸਾਰੀ ਦੁਨੀਆ ਨੂੰ ਉਸ ਦੀਆਂ ਨੀਤੀਆਂ ਕਾਰਨ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ, ਕਿਉਂਕਿ ਪਾਕਿਸਤਾਨ ਅਤਿਵਾਦੀਆਂ ਨੂੰ ਪਾਲਦਾ ਹੈ।ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਪਹਿਲੀ ਸਕੱਤਰ ਸਨੇਹਾ ਦੁਬੇ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਕਿਹਾ, ‘ਪਾਕਿਸਤਾਨ ਦੇ ਨੇਤਾ ਵੱਲੋਂ ਭਾਰਤ ਦੇ ਅੰਦਰੂਨੀ ਮਾਮਲਿਆਂ ਨੂੰ ਵਿਸ਼ਵ ਮੰਚ ‘ਤੇ ਲਿਆਉਣ ਅਤੇ ਝੂਠ ਫੈਲਾ ਕੇ ਇਸ ਵੱਕਾਰੀ ਮੰਚ ਦੇ ਅਕਸ ਨੂੰ ਖਰਾਬ ਕਰਨ ਦੀ ਇੱਕ ਹੋਰ ਕੋਸ਼ਿਸ਼ ਦੇ ਜਵਾਬ ਵਿੱਚ ਅਸੀਂ ਆਪਣਾ ਪੱਖ ਰੱਖਣ ਤੇ ਢੁਕਵਾਂ ਜਵਾਬ ਦੇਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰ ਰਹੇ ਹਾਂ।’ ਉਨ੍ਹਾਂ ਕਿਹਾ ਕਿ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ ਤੇ ਪੀਓਕੇ ਵੀ ਭਾਰਤ ਦਾ ਹਿੱਸਾ ਹੈ। ਇਸ ਲਈ ਪਾਕਿਸਤਾਨ ਇਸ ਨੂੰ ਤਰੁੁੰਤ ਖਾਲ੍ਹੀ ਕਰੇ। ਦੁਬੇ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਸੈਸ਼ਨ ਵਿੱਚ ਪਾਕਿਸਤਾਨ ਵੱਲੋਂ ਇੱਕ ਵਾਰ ਫਿਰ ਕਸ਼ਮੀਰ ਦਾ ਮਸਲਾ ਚੁੱਕਣ ਦੀ ਆਲੋਚਨਾ ਕੀਤੀ ਤੇ ਕਿਹਾ,‘ਅਜਿਹੇ ਬਿਆਨ ਦੇਣ ਅਤੇ ਝੂਠ ਬੋਲਣ ਵਾਲਿਆਂ ਦੀ ਸਮੂਹਿਕ ਤੌਰ ’ਤੇ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਅਜਿਹੇ ਲੋਕ ਆਪਣੀ ਮਾਨਸਿਕਤਾ ਕਾਰਨ ਹਮਦਰਦੀ ਦੇ ਹੱਕਦਾਰ ਹੁੰਦੇ ਹਨ।’