ਇਸਲਾਮਾਬਾਦ, 13 ਮਈ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਆਪਣੇ ਵੱਡੇ ਭਰਾ ਨਵਾਜ਼ ਸ਼ਰੀਫ ਨਾਲ ਲੰਡਨ ਵਿੱਚ ਮੁਲਾਕਾਤ ਕੀਤੀ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਨੂੰ ਸਿਆਸੀ, ਆਰਥਿਕ ਅਤੇ ਪ੍ਰਸ਼ਾਸਨਿਕ ਮੁੱਦਿਆਂ ਤੋਂ ਜਾਣੂ ਕਰਵਾਇਆ ਜਿਨ੍ਹਾਂ ਦਾ ਸਾਹਮਣਾ ਨਕਦੀ ਦੇ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਕਰਨਾ ਪੈ ਰਿਹਾ ਹੈ।
ਸ਼ਾਹਬਾਜ਼ ਆਪਣੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਸੀਨੀਅਰ ਮੈਂਬਰਾਂ ਨਾਲ ਬੁੱਧਵਾਰ ਨੂੰ ਇਕ ਨਿੱਜੀ ਯਾਤਰਾ ’ਤੇ ਲੰਡਨ ਪਹੁੰਚੇ। ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਬੁੱਧਵਾਰ ਨੂੰ ਇਕ ਬਿਆਨ ਵਿੱਚ ਦੱਸਿਆ ਕਿ ਮੀਟਿੰਗ ਵਿੱਚ ਪਿਛਲੇ ਮਹੀਨੇ ਸੱਤਾ ਵਿੱਚ ਆਉਣ ਦੇ ਬਾਅਦ ਤੋਂ ਸਰਕਾਰ ਵੱਲੋਂ ਉਠਾਏ ਗਏ ਕਦਮਾਂ ਬਾਰੇ ਵਿਸਥਾਰ ਵਿੱਚ ਗੱਲਬਾਤ ਕੀਤੀ ਤੇ ਲੋਕਾਂ ਨੂੰ ਬਿਜਲੀ ਦੀ ਸਮੱਸਿਆ ਤੇ ਮਹਿੰਗਾਈ ਤੋਂ ਬਚਾਉਣ ਦੇ ਤਰੀਕਿਆਂ ਬਾਰੇ ਵਿਚਾਰ-ਚਰਚਾ ਕੀਤੀ। ਪੀਐੱਮਐੱਲ-ਐੱਨ ਦਾ ਵਫ਼ਦ ਅਜਿਹੇ ਸਮੇਂ ਵਿੱਚ ਲੰਡਨ ਪਹੁੰਚਿਆ ਹੈ ਜਦੋਂ ਦੇਸ਼ ਵਿੱਚ ਉਸ ਦੀ ਗੱਠਜੋੜ ਸਰਕਾਰ ’ਤੇ ਸਿਆਸੀ ਤੇ ਆਰਥਿਕ ਦਬਾਅ ਵਧਦਾ ਜਾ ਰਿਹਾ ਹੈ। ਉੱਧਰ, ਅਹੁਦੇ ਤੋਂ ਹਟੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਜਲਦੀ ਇਕ ਵਿਆਪਕ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦੀ ਸੰਭਾਵਨਾ ਹੈ ਜੋ ਦੇਸ਼ ਵਿੱਚ ਜਲਦੀ ਤੋਂ ਜਲਦੀ ਚੋਣਾਂ ਕਰਵਾਉਣ ਦੀ ਮੰਗ ਕਰ ਰਹੇ ਹਨ।

ਅਖ਼ਬਰ ‘ਡਾਅਨ’ ਦੀ ਖ਼ਬਰ ਅਨੁਸਾਰ, ਮਰੀਅਮ ਨੇ ਦੱਸਿਆ ਕਿ ਵੀਰਵਾਰ ਨੂੰ ਇਕ ਹੋਰ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਦੇਸ਼ ਨੂੰ ਸੰਕਟ ਤੋਂ ਉਭਾਰਨ ਲਈ ਸਖ਼ਤ ਫ਼ੈਸਲੇ ਲਏ ਜਾਣ ਦੀ ਆਸ ਹੈ।

ਪ੍ਰਧਾਨ ਮੰਤਰੀ ਦੇ 10 ਮੈਂਬਰੀ ਵਫ਼ਦ ਵਿੱਚ ਰੱਖਿਆ ਮੰਤਰੀ ਖਵਾਜਾ ਆਸਿਫ, ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ, ਯੋਜਨਾ ਮੰਤਰੀ ਅਹਿਸਾਨ ਇਕਬਾਲ, ਊਰਜਾ ਮੰਤਰੀ ਖੁੱਰਮ ਦਸਤਗੀਰ, ਵਿੱਤ ਮੰਤਰੀ ਮਿਫਤਾ ਇਸਮਾਇਲ ਅਤੇ ਰੇਲ ਮੰਤਰੀ ਖਵਾਜਾ ਸਾਦ ਰਫ਼ੀਕ ਸ਼ਾਮਲ ਹਨ। ਲੰਡਨ ਤੋਂ ਸਾਹਮਣੇ ਆਏ ਇਕ ਵੀਡੀਓ ਵਿੱਚ ਨਵਾਜ਼ ਸ਼ਰੀਫ (72) ਆਪਣੇ ਛੋਟੇ ਭਰਾ ਸ਼ਾਹਬਾਜ਼ (70) ਨੂੰ ਥਾਪੜਾ ਦਿੰਦੇ ਨਜ਼ਰ ਆ ਰਹੇ ਹਨ। ਦੋਵੇਂ ਭਰਾਵਾਂ ਦੀ ਗਲੇ ਮਿਲਦਿਆਂ ਦੀ ਇਕ ਤਸਵੀਰ ਵੀ ਸਾਹਮਣੇ ਆਈ ਹੈ ਅਤੇ ਇਕ ਹੋਰ ਤਸਵੀਰ ਵਿੱਚ ਉਹ ਬੈਠ ਕੇ ਗੱਲਬਾਤ ਕਰਦੇ ਦਿਖ ਰਹੇ ਹਨ।

ਜ਼ਿਕਰਯੋਗ ਹੈ ਕਿ ਦਸੰਬਰ 2018 ਵਿੱਚ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ਵਿੱਚ ਨਵਾਜ਼ ਸ਼ਰੀਫ਼ ਨੂੰ ਸੱਤ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਉਹ ਜੇਲ੍ਹ ਵਿੱਚ ਸਨ, ਜਦੋਂ ਇਲਾਜ ਕਰਵਾਉਣ ਲਈ ਉਨ੍ਹਾਂ ਨੂੰ ਚਾਰ ਹਫ਼ਤੇ ਲਈ ਲੰਡਨ ਜਾਣ ਦੀ ਇਜਾਜ਼ਤ ਦਿੱਤੀ ਗਈ ਪਰ ਉਸ ਮਗਰੋਂ ਉਹ ਉੱਥੋਂ ਪਰਤੇ ਨਹੀਂ।