ਕਰਾਚੀ, 15 ਨਵੰਬਰ

ਪਾਕਿਸਤਾਨ ਦੇ ਪਾਣੀਆਂ ਵਿੱਚ ਕਥਿਤ ਨਾਜਾਇਜ਼ ਤੌਰ ’ਤੇ ਮੱਛੀਆਂ ਫੜਨ ਦੇ ਮਾਮਲੇ ’ਚ ਚਾਰ ਸਾਲਾਂ ਦੇ ਸਜ਼ਾ ਪੂਰੀ ਕਰਨ ਮਗਰੋਂ ਅੱਜ 20 ਭਾਰਤੀ ਮਛੇਰਿਆਂ ਪਾਕਿਸਤਾਨ ਦੀ ਲਾਂਡੀ ਜ਼ਿਲ੍ਹਾ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ। ਜੇਲ੍ਹ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਿਹਾਅ ਕੀਤੇ ਗਏ ਮਛੇਰੇ 15 ਨਵੰਬਰ ਨੂੰ ਵਾਹਗਾ ਸਰਹੱਦ ’ਤੇ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੇ ਜਾਣਗੇ। ਲਾਂਡੀ ਜੇਲ੍ਹ ਦੇ ਸੁਪਰਡੈਂਟ ਇਰਸ਼ਾਦ ਸ਼ਾਹ ਨੇ ਦੱਸਿਆ ਕਿ ਭਾਰਤੀ ਅਧਿਕਾਰੀਆਂ ਵੱਲੋਂ ਮਛੇਰਿਆਂ, ਜਿਨ੍ਹਾਂ ਵਿੱਚੋਂ ਬਹੁਤੇ ਗੁਜਰਾਤ ਨਾਲ ਸਬੰਧਿਤ ਹਨ, ਦੀ ਨਾਗਰਿਕਤਾ ਦੀ ਪੁਸ਼ਟੀ ਕੀਤੇ ਜਾਣ ਮਗਰੋਂ ਸਦਭਾਵਨਾ ਵਜੋਂ ਰਿਹਾਅ ਕਰ ਦਿੱਤਾ ਗਿਆ। ਇਰਸ਼ਾਦ ਨੇ ਕਿਹਾ, ‘ਇਨ੍ਹਾਂ ਮਛੇਰਿਆਂ ਨੇ ਚਾਰ ਸਾਲ ਜੇਲ੍ਹ ’ਚ ਗੁਜ਼ਾਰੇ ਸਨ ਅਤੇ ਸਾਡੀ ਸਰਕਾਰ ਨੇ ਸਦਭਾਵਨਾ ਵਜੋਂ ਅੱਜ ਇਨ੍ਹਾਂ ਨੂੰ ਰਿਹਾਅ ਕੀਤਾ ਗਿਆ ਹੈ। ਸਮਾਜ ਭਲਾਈ ਸੰਸਥਾ ‘ਈਧੀ ਫਾਊਂਡੇਸ਼ਨ’ ਨੇ ਮਛੇਰਿਆਂ ਨੂੰ ਲਾਹੌਰ ਵਿੱਚ ਵਾਹਗਾ ਸਰਹੱਦ ’ਤੇ ਪਹੁੰਚਾਉਣ ਦਾ ਪ੍ਰਬੰਧ ਕੀਤਾ, ਜਿੱਥੇ ਸੋਮਵਾਰ 15 ਨਵੰਬਰ ਨੂੰ ਉਨ੍ਹਾਂ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਇਰਸ਼ਾਦ ਨੇ ਕਿਹਾ, ‘ਅਸੀਂ ਰਿਹਾਅ ਕੀਤੇ ਮਛੇਰੇ ‘ਈਧੀ’ ਫਾਊਂਡੇਸ਼ਨ ਨੂੰ ਸੌਂਪ ਦਿੱਤੇ ਹਨ, ਜਿਹੜੀ ਉਨ੍ਹਾਂ ਦੀ ਯਾਤਰਾ ਲਈ ਅਤੇ ਹੋਰ ਖਰਚਾ ਕਰ ਰਹੀ ਹੈ। ਉਹ ਅਲਾਮਾ ਇਕਬਾਲ ਐੱਕਸਪ੍ਰੈੱਸ ਰੇਲਗੱਡੀ ਰਾਹੀਂ ਲਾਹੌਰ ਜਾਣਗੇ।’

ਅਧਿਕਾਰੀ ਨੇ ਦੱਸਿਆ ਕਿ ਹਾਲੇ ਵੀ 588 ਭਾਰਤੀ ਨਾਗਰਿਕ ਲਾਂੜੀ ਜ਼ਿਲ੍ਹਾ ਵਿੱਚ ਬੰਦ ਹਨ। ਉਨ੍ਹਾਂ ਕਿਹਾ, ‘ਸਿੰਧ ਦੇ ਗ੍ਰਹਿ ਵਿਭਾਗ ਤੋਂ ਮਨਜ਼ੂਰੀ ਮਿਲਣ ਮਗਰੋਂ ਉਨ੍ਹਾਂ ਨੂੰ ਵੀ ਰਿਹਾਅ ਕਰ ਦੇਵਾਂਗੇ।’