ਇਸਲਾਮਾਬਾਦ, 26 ਅਗਸਤ
ਪਾਕਿਸਤਾਨ ਦੀ ਇਕ ਅਤਿਵਾਦ ਵਿਰੋਧੀ ਅਦਾਲਤ ਨੇ ਅੱਜ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਉਨ੍ਹਾਂ ਖ਼ਿਲਾਫ਼ ਦਰਜ ਹੋਏ ਅਤਿਵਾਦ ਦੇ ਇਕ ਕੇਸ ਵਿੱਚ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਹੈ। ਇਮਰਾਨ ਖਾਨ ਖ਼ਿਲਾਫ ਇਹ ਕੇਸ ਪਿਛਲੇ ਹਫ਼ਤੇ ਇੱਥੇ ਇਕ ਰੈਲੀ ਦੌਰਾਨ ਪੁਲੀਸ, ਨਿਆਂ ਪ੍ਰਣਾਲੀ ਅਤੇ ਹੋਰ ਸਰਕਾਰੀ ਸੰਸਥਾਵਾਂ ਨੂੰ ਧਮਕਾਉਣ ਦੇ ਦੋਸ਼ ਹੇਠ ਦਰਜ ਕੀਤਾ ਗਿਆ ਸੀ।
ਇੱਥੇ ਅਤਿਵਾਦ ਵਿਰੋਧੀ ਅਦਾਲਤ ਦੇ ਜੱਜ ਰਾਜਾ ਜਵਾਦ ਹਸਨ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੁਖੀ ਨੂੰ ਇੱਕ ਲੱਖ ਰੁਪਏ ਦੇ ਮੁਚਲਕੇ ’ਤੇ ਪਹਿਲੀ ਸਤੰਬਰ ਤੱਕ ਜ਼ਮਾਨਤ ਦੇ ਦਿੱਤੀ। ਇਮਰਾਨ ਖਾਨ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਜ਼ਮਾਨਤ ਸਬੰਧੀ ਅਰਜ਼ੀ ਅੱਜ ਅਦਾਲਤ ਵਿੱਚ ਦਾਇਰ ਕੀਤੀ ਗਈ। ਪਟੀਸ਼ਨਰ ਦਾ ਕਹਿਣਾ ਸੀ ਕਿ ਉਨ੍ਹਾਂ ਖ਼ਿਲਾਫ਼ ਅਤਿਵਾਦ ਦਾ ਦਰਜ ਕੀਤਾ ਗਿਆ ਕੇਸ ਪੁਲੀਸ ਦੀ ‘ਬਦਲੇ ਦੀ ਕਾਰਵਾਈ’ ਹੈ।