ਨਵੀਂ ਦਿੱਲੀ, 10 ਅਪਰੈਲ
ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਭੁੱਖ ਹੜਤਾਲ ਸ਼ੁਰੂ ਕਰਨ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਦੇ ਨੇੜਲੇ ਸੂਤਰਾਂ ਨੇ ਅੱਜ ਕਿਹਾ ਕਿ ਇਹ ਵਸੁੰਧਰਾ ਰਾਜੇ ਸਰਕਾਰ ਤਹਿਤ ਹੋਏ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਹੈ ਅਤੇ ਇਹ ਕਾਂਗਰਸ ਵਿੱਚ ਕਿਸੇ ਨੂੰ ਨਿਸ਼ਾਨਾ ਬਣਾ ਕੇ ਨਹੀਂ ਕੀਤੀ ਜਾ ਰਹੀ। ਸੂਤਰਾਂ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਕਥਿਤ ਭ੍ਰਿਸ਼ਟਾਚਾਰ ਨੂੰ ਲੈ ਕੇ ਅਡਾਨੀ ਖ਼ਿਲਾਫ਼ ਲੜ ਰਹੇ ਹਨ, ਉਸੇ ਤਰ੍ਹਾਂ ਪਾਇਲਟ ਪਿਛਲੀ ਵਸੁੰਧਰਾ ਰਾਜੇ ਸਰਕਾਰ ਨੂੰ ਜਵਾਬਦੇਹ ਠਹਿਰਾਉਣ ਲਈ ਮੁੱਦਾ ਚੁੱਕੇ ਰਹੇ ਹਨ।
ਪਾਇਲਟ ਦੇ ਕਰੀਬੀ ਇੱਕ ਸੂਤਰ ਨੇ ਕਿਹਾ ਕਿ ਦੇਸ਼ ਵਿੱਚ ਕਾਂਗਰਸ ਭ੍ਰਿਸ਼ਟਾਚਾਰ ਖ਼ਿਲਾਫ਼ ਖੁੱਲ੍ਹ ਕੇ ਆਵਾਜ਼ ਚੁੱਕ ਰਹੀ ਹੈ, ਚਾਹੇ ਉਹ ਅਡਾਨੀ ਦਾ ਮਾਮਲਾ ਹੋਵੇ ਜਾਂ ਕਰਨਾਟਕ ਵਿੱਚ ਭਾਜਪਾ ਸਰਕਾਰ ਨਾਲ ਜੁੜਿਆ ਮੁੱਦਾ ਹੋਵੇ।