ਸਿਡਨੀ, 12 ਜਨਵਰੀ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਔਰਤਾਂ ਵਿਰੋਧੀ ਟਿੱਪਣੀਆਂ ਕਰਨ ਕਰਕੇ ਹਾਰਦਿਕ ਪਾਂਡਿਆ ਅਤੇ ਲੁਕੇਸ਼ ਰਾਹੁਲ ਨੂੰ ਮੁਅੱਤਲ ਕਰਨ ਦੇ ਫੈਸਲੇ ਉੱਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਉਹ ਇਸ ਫੈਸਲੇ ਨੂੰ ਲੈ ਕੇ ਵਧੇਰੇ ਚਿੰਤਤ ਨਹੀਂ ਹੈ ਕਿਉਂਕਿ ਟੀਮ ਕੋਲ ਹਾਰਦਿਕ ਪਾਂਡਿਆ ਦੇ ਬਦਲ ਦੇ ਰੂਪ ਵਿਚ ਰਵਿੰਦਰ ਜਡੇਜਾ ਮੌਜੂਦ ਹੈ। ਜ਼ਿਕਰਯੋਗ ਹੈ ਕਿ ਆਸਟਰੇਲੀਆ ਵਿਚ ਟੈਸਟ ਲੜੀ ਜਿੱਤ ਕੇ ਇਤਿਹਾਸ ਰਚਣ ਬਾਅਦ ਖਿਡਾਰੀਆਂ ਦੀਆਂ ਬਾਹਰਲੀਆਂ ਸਰਗਰਮੀਆਂ ਕਾਰਨ ਟੀਮ ਦੇ ਖਿਡਾਰੀ ਸੁਰਖੀਆਂ ਵਿਚ ਹਨ।ਆਸਟਰੇਲੀਆ ਵਿਰੁੱਧ ਸ਼ਨਿਚਰਵਾਰ ਨੂੰ ਖੇਡੇ ਜਾਣ ਵਾਲੇ ਇੱਕ ਰੋਜ਼ਾ ਪਹਿਲੇ ਮੈਚ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਭਾਰਤ ਵਿਚ ਅਸੀਂ ਵੈਸਟ ਇੰਡੀਜ਼ ਵਿਰੁੱਧ ਇੱਕ ਉਂਗਲੀ ਦੇ ਸਪਿੰਨਰ ਅਤੇ ਇੱਕ ਗੁੱਟ ਦੇ ਸਪਿੰਨਰ ਨਾਲ ਖੇਡੇ ਸੀ। ਸਾਡੇ ਲਈ ਚੰਗੀ ਗੱਲ ਇਹ ਹੈ ਕਿ ਸਾਡੇ ਕੋਲ ਜਡੇਜਾ ਵਰਗਾ ਖਿਡਾਰੀ ਹੈ, ਜੋ ਅਜਿਹੀ ਸਥਿਤੀ ਵਿਚ ਹਰਫ਼ਨਮੌਲਾ ਦੀ ਭੂਮਿਕਾ ਅਦਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਟੀਮ ਨੂੰ ਲੈਕੇ ਚਿੰਤਤ ਨਹੀਂ ਹਨ ਕਿਉਂਕਿ ਸਾਨੂੰ ਹਮੇਸ਼ਾਂ ਟੀਮ ਵਿਚ ਸੰਤੁਲਨ ਬਣਾਈ ਰੱਖਣ ਲਈ ਸਥਿਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਪੈਂਦਾ ਹੈ। ਕਪਤਾਨ ਨੇ ਕਿਹਾ,‘ ਅਸੀਂ ਮੈਦਾਨ ਵਿਚ ਪ੍ਰਦਰਸ਼ਨ ਕਰਨਾ ਹੈ। ਬਾਹਰੀ ਘਟਨਾਵਾਂ ਦਾ ਵਿਸ਼ਵ ਕੱਪ ਦੀਆਂ ਤਿਆਰੀਆਂ ਉੱਤੇ ਕੋਈ ਅਸਰ ਨਹੀਂ ਪਵੇਗਾ।