ਨਵੀਂ ਦਿੱਲੀ, 11 ਜਨਵਰੀ
ਪ੍ਰਸ਼ਾਸਕਾਂ ਦੀ ਕਮੇਟੀ ਦੇ ਕਾਰਜਕਾਰੀ ਅਧਿਕਾਰੀ ਵਿਨੋਦ ਰਾਏ ਨੇ ਭਾਰਤੀ ਖਿਡਾਰੀ ਹਾਰਦਿਕ ਪਾਂਡਿਆ ਅਤੇ ਲੁਕੇਸ਼ ਰਾਹੁਲ ਉੱਤੇ ਟੀਵੀ ਸ਼ੋਅ ਦੌਰਾਨ ਕੀਤੀਆਂ ਵਿਵਾਦਮਈ ਟਿੱਪਣੀਆਂ ਦੇ ਲਈ ਵੀਰਵਾਰ ਨੂੰ ਦੋ ਇਕ ਰੋਜ਼ਾ ਮੈਚਾਂ ਦੇ ਲਈ ਪਾਬੰਦੀ ਲਾਉਣ ਦੀ ਸਿਫਾਰਸ਼ ਕੀਤੀ ਹੈ ਪਰ ਉਨ੍ਹਾਂ ਦੀ ਸਾਥੀ ਮੈਂਬਰ ਡਾਇਨਾ ਇਡੁਲਜੀ ਨੇ ਇਹ ਮਾਮਲਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਕਾਨੂੰਨੀ ਸ਼ਾਖਾ ਨੂੰ ਭੇਜ ਦਿੱਤਾ ਹੈ। ਪਾਂਡਿਆ ਦੀ ਟਿੱਪਣੀ ਨੂੰ ਮਹਿਲਾ ਵਿਰੋਧੀ ਅਤੇ ਕਾਮ ਭੜਕਾਊ ਕਰਾਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ‘ਕੌਫੀ ਵਿਦ ਕਰਨ’ ਸ਼ੋਅ ਵਿਚ ਕ੍ਰਿਕਟ ਖਿਡਾਰੀ ਕੁੱਝ ਵਧੇਰੇ ਹੀ ਖੁੱਲ੍ਹ ਲੈ ਗਏ ਸਨ ਅਤੇ ਉਨ੍ਹਾਂ ਨੇ ਔਰਤਾਂ ਪ੍ਰਤੀ ਭੱਦੀਆਂ ਟਿੱਪਣੀਆਂ ਕੀਤੀਆਂ ਸਨ ਅਤੇ ਇਨ੍ਹਾਂ ਦੀ ਬਾਅਦ ਵਿਚ ਚਾਰੇ ਪਾਸਿਓਂ ਹੋਈ ਆਲੋਚਨਾ ਬਾਅਦ ਬੋਰਡ ਦੇ ਅਧਿਕਾਰੀਆਂ ਨੇ ਕੱਲ੍ਹ ਕਿ੍ਕਟ ਖਿਡਾਰੀਆਂ ਨੂੰ ਨੋਟਿਸ ਜਾਰੀ ਕਰਕੇ 24 ਘੰਟਿਆਂ ਦੇ ਵਿਚ ਜਵਾਬ ਦੇਣ ਲਈ ਕਿਹਾ ਸੀ। ਮਾਮਲਾ ਵਿਗੜਦਾ ਦੇਖ ਕੇ ਪਾਂਡਿਆ ਨੇ ਨਿਮਰਤਾ ਸਹਿਤ ਮੁਆਫ਼ੀ ਵੀ ਮੰਗ ਲਈ ਸੀ ਪਰ ਉਦੋਂ ਤੱਕ ਮਾਮਲਾ ਸਾਰੇ ਹੱਦਾਂ ਬੰਨੇ ਪਾਰ ਕਰ ਚੁੱਕਾ ਸੀ। ਉਸ ਨੇ ਇਹ ਵੀ ਭਰੋਸਾ ਦਿੱਤਾ ਸੀ ਕਿ ਉਹ ਭਵਿੱਖ ਦੇ ਵਿਚ ਅਜਿਹਾ ਵਰਤਾਅ ਨਹੀਂ ਕਰੇਗਾ।
ਸ੍ਰੀ ਵਿਨੋਦ ਰਾਏ ਨੇ ਕਿਹਾ, ‘ ਮੈਂ ਹਾਰਦਿਕ ਪਾਂਡਿਆ ਦੇ ਜਵਾਬ ਦੇ ਨਾਲ ਸਹਿਮਤ ਨਹੀ ਹਾਂ ਅਤੇ ਮੈਂ ਦੋਵਾਂ ਖਿਡਾਰੀਆਂ ਦੇ ਲਈ ਦੋ ਮੈਚਾਂ ਦੀ ਪਾਬੰਦੀ ਦੀ ਸਿਫਾਰਸ਼ ਕੀਤੀ ਹੈ। ਹਾਲਾਂ ਕਿ ਅੰਤਿਮ ਫੈਸਲਾ ਉਦੋਂ ਲਿਆ ਜਾ ਸਕੇਗਾ ਜਦੋਂ ਡਾਇਨਾ ਇਡੁਲਜੀ ਇਸ ਦੀ ਸਹਿਮਤੀ ਦੇ ਦੇਵੇਗੀ। ਜਿੱਥੋਂ ਤੱਕ ਮੇਰਾ ਪੱਖ ਹੈ, ਅਜਿਹੀਆਂ ਟਿੱਪਣੀਆਂ ਮੂਰਖਤਾ ਵਾਲੀਆਂ ਹਨ ਅਤੇ ਸਵਿਕਾਰਯੋਗ ਨਹੀਂ ਹਨ।
ਜ਼ਿਕਰਯੋਗ ਹੈ ਕਿ ਇਡੁਲਜੀ ਨੇ ਬੋਰਡ ਦੇ ਕਾਰਜਕਾਰੀ ਪ੍ਰਧਾਨ ਸੀ ਕੇ ਖੰਨਾ, ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਅਤੇ ਖਜ਼ਾਨਚੀ ਅਨਿਰੁੱਧ ਚੌਧਰੀ ਤੋਂ ਇਸ ਮੁੱਦੇ ਉੱਤੇ ਰਾਏ ਮੰਗੀ ਹੈ। ਅਨਿਰੁੱਧ ਚੌਧਰੀ ਨੇ ਇਸ ਮੁੱਦੇ ਉੱਤੇ ਆਪਣੀ ਰਾਏ ਦਿੰਦਿਆਂ ਦੋਨਾਂ ਨੂੰ ਮੁਅੱਤਲ ਕਰਨ ਅਤੇ ਲਿੰਗਿਕ ਸੰਵੇਦਨਸ਼ੀਲਤਾ ਪ੍ਰੋਗਰਾਮ ਦੀ ਸਿਫਾਰਸ਼ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਭਾਰਤੀ ਕਿ੍ਕਟ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਚੌਧਰੀ ਨੂੰ ਵੀ ਆੜੇ ਹੱਥੀਂ ਲਿਆ ਹੈ, ਜਿਸ ਨੂੰ ਸਰੀਰਕ ਸੋ਼ਸਣ ਦੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਇਸ ਸਬੰਧੀ ਜਾਂਚ ਮੁਕੰਮਲ ਹੋਣ ਤੱਕ ਮੁਅੱਤਲ ਰੱਖਿਆ ਜਾਣਾ ਚਾਹੀਦਾ ਹੈ।