ਨਵੀਂ ਦਿੱਲੀ, 12 ਜਨਵਰੀ
ਇੱਕ ਟੀਵੀ ਸ਼ੋਅ ਦੌਰਾਨ ਔਰਤਾਂ ਸਬੰਧੀ ਕੀਤੀਆਂ ਬੇਤੁਕੀਆਂ ਟਿੱਪਣੀਆਂ ਕਾਰਨ ਕ੍ਰਿਕਟਰ ਹਾਰਦਿਕ ਪਾਂਡਿਆ ਤੇ ਲੁਕੇਸ਼ ਰਾਹੁਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਂਚ ਮੁਕੰਮਲ ਹੋਣ ਤੱਕ ਦੋਵੇਂ ਖਿਡਾਰੀ ਮੁਅੱਤਲ ਰਹਿਣਗੇ। ਇਹ ਫੈਸਲਾ ਸੀਓਜ਼ ਕਮੇਟੀ ਦੀ ਮੈਂਬਰ ਡਾਇਨਾ ਇਡੁਲਜ਼ੀ ਦੀ ਸਿਫਾਰਸ਼ ਕਿ ਅਗਲੀ ਕਾਰਵਾਈ ਮੁਕੰਮਲ ਹੋਣ ਤੱਕ ਦੋਵਾਂ ਖਿਡਾਰੀਆਂ ਨੂੰ ਮੁਅੱਤਲ ਰੱਖਿਆ ਜਾਵੇ ਤੋਂ ਬਾਅਦ ਆਇਆ ਹੈ। ਇਸ ਤਰ੍ਹਾਂ ਇਹ ਸ਼ਨਿਚਰਵਾਰ ਤੋਂ ਆਸਟਰੇਲੀਆ ਵਿਰੁੱਧ ਸ਼ੁਰੂ ਹੋ ਰਹੀ ਇਕ ਰੋਜ਼ਾ ਲੜੀ ਤੋਂ ਵੀ ਬਾਹਰ ਹੋ ਗਏ ਹਨ।
ਭਾਰਤੀ ਕ੍ਰਿਕਟ ਬੋਰਡ ਦੇ ਸੀਓਜ਼ ਦੀ ਕਮੇਟੀ ਦੇ ਚੇਅਰਮੈਨ ਵਿਨੋਦ ਰਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇਂ ਖਿਡਾਰੀ ਜਾਂਚ ਪੂਰੀ ਹੋਣ ਤੱਕ ਮੁਅੱਤਲ ਰਹਿਣਗੇ। ਪਾਂਡਿਆ ਅਤੇ ਰਾਹੁਲ ਨੇ ‘ਕੌਫੀ ਵਿਦ ਕਰਨ’ ਸ਼ੋਅ ਵਿਚ ਔਰਤਾਂ ਪ੍ਰਤੀ ਕਾਮ ਉਕਸਾਊ ਟਿੱਪਣੀਆਂ ਕੀਤੀਆਂ ਸਨ। ਬੋਰਡ ਦੇ
ਇਕ ਅਧਿਕਾਰੀ ਅਨੁਸਾਰ ਦੋਵਾਂ ਨੂੰ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਤਾਜ਼ਾ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ। ਹੁਣ ਭਾਰਤੀ ਟੀਮ ਦੇ ਪ੍ਰਬੰਧਕਾਂ ਨੇ ਫੈਸਲਾ ਲੈਣਾ ਹੈ ਕਿ ਇਨ੍ਹਾਂ ਨੂੰ ਟੀਮ ਦੇ ਨਾਲ ਰੱਖਣਾ ਹੈ ਜਾਂ ਫਿਰ ਵਾਪਿਸ ਭੇਜਣਾ ਹੈ। ਦੋਵਾਂ ਖਿਡਾਰੀਆਂ ਵਿਰੁੱਧ ਆਏ ਇਸ ਫੈਸਲੇ ਦਾ ਬੋਰਡ ਦੇ ਅੰਦਰ ਕਾਫੀ ਵਿਰੋਧ ਹੈ। ਜੇ ਦੋਵੇਂ ਖਿਡਾਰੀਆਂ ਨੂੰ ਵਾਪਿਸ ਬੁਲਾਇਆ ਜਾਂਦਾ ਹੈ ਤਾਂ ਇਨ੍ਹਾਂ ਦੀ ਥਾਂ ਰਿਸ਼ਭ ਪੰਤ ਅਤੇ ਮਨੀਸ਼ ਪਾਂਡੇ ਨੂੰ ਟੀਮ ਵਿਚ ਥਾਂ ਮਿਲ ਸਕਦੀ ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਇਡੁਲਜੀ ਨੇ ਦੋਵਾਂ ਨੂੰ ਦੋ ਮੈਚਾਂ ਦੇ ਲਈ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਸੀ ਪਰ ਮਾਮਲਾ ਕਾਨੂੰਨੀ ਕਮੇਟੀ ਨੂੰ ਭੇਜ ਦਿੱਤਾ ਸੀ। ਵਿਨੋਦ ਰਾਏ ਨੇ ਵੀ ਇਡੁਲਜੀ ਦੀ ਸਿਫਾਰਸ਼ ਦੀ ਹਮਾਇਤ ਕੀਤੀ ਸੀ। ਇਨ੍ਹਾਂ ਖਿਡਾਰੀਆਂ ਦੇ ਨਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸੀਈਓ ਰਾਹੁਲ ਜੌਹਰੀ ਵਿਰੁੱਧ ਲਏ ਫੈਸਲੇ ਨੂੰ ਧਿਆਨ ਵਿਚ ਰੱਖ ਕੇ ਫੈਸਲਾ ਲਿਆ ਗਿਆ ਹੈ। ਭਾਵੇਂ ਕਿ ਉਹ ਅਧਿਕਾਰੀ ਸੀ ਜਦੋਂ ਕਿ ਇਹ ਦੋਵੇਂ ਖਿਡਾਰੀ ਹਨ। ਦੋਵਾਂ ਖਿਡਾਰੀਆਂ ਦੀਆਂ ਟਿੱਪਣੀਆਂ ਦੀ ਕਪਤਾਨ ਵਿਰਾਟ ਕੋਹਲੀ ਨੇ ਵੀ ਨਿਖੇਧੀ ਕੀਤੀ ਸੀ।
ਇਹ ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ਤੋਂ ਬਾਅਦ ਬੋਰਡ ਖਿਡਾਰੀਆਂ ਉੱਤੇ ਅਜਿਹੇ ਸ਼ੋਅਜ਼ ਵਿਚ ਜਾਣ ਉੱਤੇ ਪਾਬੰਦੀ ਵੀ ਲਾ ਸਕਦਾ ਹੈ।