ਵੇਲਿੰਗਟਨ, 7 ਫਰਵਰੀ
ਭਾਰਤ ਦੀ ਸਮ੍ਰਿਤੀ ਮੰਧਾਨਾ ਨੇ ਇੱਕ ਸਿਰਾ ਸੰਭਾਲ ਕੇ ਰਿਕਾਰਡਤੋੜ ਅਰਧ ਸੈਂਕੜਾ ਬਣਾਇਆ ਪਰ ਨਿਊਜ਼ੀਲੈਂਡ ਵਿਰੁੱਧ ਪਹਿਲੇ ਟੀ-20 ਮੈਚ ਵਿਚ ਉਹ ਭਾਰਤੀ ਮਹਿਲਾ ਟੀਮ ਨੂੰ 23 ਦੌੜਾਂ ਦੀ ਹਾਰ ਤੋਂ ਨਹੀ ਬਚਾ ਸਕੀ। ਮੰਧਾਨਾ ਨੇ ਕਿਸੇ ਭਾਰਤੀ ਬੱਲੇਬਾਜ਼ ਵੱਲੋਂ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦਾ ਆਪਣਾ ਹੀ ਰਿਕਾਰਡ ਇੱਕ ਦੌੜ ਨਾਲ ਬਿਹਤਰ ਬਣਾਇਆ ਹੈ। ਉਸ ਨੇ ਵੈਸਟਪੈਕ ਸਟੇਡੀਅਮ ਵਿਚ 34 ਗੇਂਦਾਂ ਦੀ ਮੱਦਦ ਨਾਲ 58 ਦੌੜਾਂ ਬਣਾਈਆਂ ਪਰ ਅਰਧ ਸੈਂਕੜਾ ਸਿਰਫ 24 ਗੇਂਦਾਂ ਵਿਚ ਹੀ ਪੂਰਾ ਕਰ ਦਿੱਤਾ ਸੀ।
ਨਿਊਜ਼ੀਲੈਂਡ ਦੀ ਤੇਜ਼ ਗੇਂਦਬਾਜ਼ ਲੀਆ ਤਾਹੂਹੂ ਨੇ ਚਾਰ ਓਵਰਾਂ ਵਿਚ ਤਿੰਨ ਵਿਕਟਾਂ ਲੈ ਕੇ ਭਾਰਤ ਦੇ ਸਿਖ਼ਰਲੇ ਕ੍ਰਮ ਦੀ ਨੀਂਹ ਹਿਲਾ ਦਿੱਤਾ। ਭਾਰਤੀ ਟੀਮ ਜਿੱਤ ਦੇ ਲਈ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਅਤੇ ਜਵਾਬ ਵਿਚ 19.1 ਓਵਰਾਂ ਵਿਚ 136 ਦੌੜਾਂ ਉੱਤੇ ਆਊਟ ਹੋ ਗਈ। ਲੈੱਗ ਸਪਿੰਨਰ ਅਮੇਲੀਆ ਕੇਰ ਨੇ 28 ਦੌੜਾਂ ਦੇ ਕੇ ਮੰਧਾਨਾ ਤੇ ਹਰਮਨਪ੍ਰੀਤ ਕੌਰ ਦੇ ਅਹਿਮ ਵਿਕਟ ਲਏ। ਆਫ ਸਪਿੰਨਰ ਲੇ ਕਾਸਪੇਰੇਕ ਨੂੰ ਵੀ ਦੋ ਵਿਕਟਾਂ ਮਿਲੀਆਂ। ਇੱਕ ਰੋਜ਼ਾ ਟੀਮ ਦੀ ਕਪਤਾਨ ਅਨੁਭਵੀ ਮਿਤਾਲੀ ਰਾਜ ਨੂੰ ਇਸ ਮੈਚ ਵਿਚੋਂ ਬਾਹਰ ਰੱਖਿਆ ਗਿਆ ਸੀ। ਅਗਲਾ ਮੈਚ ਸ਼ੁੱਕਰਵਾਰ ਨੂੰ ਆਕਲੈਂਡ ਵਿਚ ਹੋਵੇਗਾ।
ਮੰਧਾਨਾ ਅਤੇ ਜੈਮੀਮਾ ਰੌਡਰਿਗਜ਼ (39) ਨੇ ਦੂਜੇ ਵਿਕਟ ਲਈ 102 ਦੌੜਾਂ ਜੋੜੀਆਂ। ਇਸ ਤੋਂ ਬਾਅਦ ਤਾਹੂਹੂ ਨੇ ਭਾਰਤੀ ਪਾਰੀ ਨੂੰ ਖਿੰਡਾ ਦਿੱਤਾ। ਇੱਕ ਸਮੇਂ ਭਾਰਤ ਦਾ ਸਕੋਰ ਇੱਕ ਵਿਕਟ ਉੱਤੇ 101 ਦੌੜਾਂ ਸੀ,ਜੋ ਬਾਅਦ ਵਿਚ ਛੇ ਵਿਕਟਾਂ ਉੱਤੇ 117 ਦੌੜਾਂ ਹੋ ਗਿਆ। ਹਰਮਨਪ੍ਰੀਤ ਨੇ 15 ਗੇਂਦਾਂ ਵਿਚ 17 ਦੌੜਾਂ ਬਣਾਈਆਂ ਪਰ ਟੀਮ ਨੂੰ ਜਿੱਤ ਤੱਕ ਨਹੀਂ ਲੈ ਕੇ ਜਾ ਸਕੀ। ਮੰਧਾਨਾ ਨੇ ਆਪਣੀ ਪਾਰੀ ਵਿਚ ਸੱਤ ਚੌਕੇ ਅਤੇ ਤਿੰਨ ਛੱਕੇ ਜੜੇ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਸੋਫੀ ਡਿਵਾਈਨ ਦੀਆਂ 62 ਦੌੜਾਂ ਦੇ ਸਿਰ ਉੱਤੇ ਨਿਊਜ਼ੀਲੈਂਡ ਨੇ 20 ਓਵਰਾਂ ਵਿਚ ਚਾਰ ਵਿਕਟਾਂ ਉੱਤੇ 159 ਦੌੜਾਂ ਬਣਾਈਆਂ। ਡਿਵਾਈਨ ਨੇ ਆਪਣੀ ਪਾਰੀ ਵਿਚ ਛੇ ਚੌਕੇ ਅਤੇ ਦੋ ਛੱਕੇ ਜੜੇ। ਉਸ ਨੇ ਕਪਤਾਨ ਐਮੀ ਸੈਟਥਰਵੇਟ (33 ਦੌੜਾਂ) ਦੇ ਨਾਲ 69 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਸਪਿਨਰ ਰਾਧਾ ਯਾਦਵ ਅਤੇ ਪੂਨਮ ਯਾਦਵ ਨੇ ਸੂਜੀ ਵੈੱਟਸ (7) ਅਤੇ ਕੈਟਲਿਨ ਗੂਰੀ (15) ਨੂੰ ਸਸਤੇ ਵਿਚ ਪਵੇਲੀਅਨ ਭੇਜਿਆ। ਨਿਊਜ਼ੀਲੈਂਡ ਦੀ ਵਿਕਟ ਕੀਪਰ ਕੈਟੀ ਮਾਰਟਿਨ 27 ਦੌੜਾਂ ਬਣਾ ਕੇ ਨਾਬਾਦ ਰਹੀ।