ਸੰਗਰੂਰ, 24 ਸਤੰਬਰ
ਕਰੀਬ ਸਾਢੇ ਚਾਰ ਸਾਲ ਤੋਂ ਰੁਜ਼ਗਾਰ ਲਈ ਸੰਘਰਸ਼ ਕਰਦੇ ਆ ਰਹੇ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੂੰ ਅੱਜ ਪਹਿਲੀ ਵਾਰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰੰਘ ਚੰਨੀ ਨਾਲ ਮਿਲਣੀ ਨਸੀਬ ਹੋਈ ਹੈ ਜਦੋਂ ਕਿ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰੰਗ ਕਰਾਉਣ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਅਨੇਕਾਂ ਵਾਰ ਮੋਤੀ ਮਹਿਲ ਅੱਗੇ ਪੁਲੀਸ ਡਾਂਗਾਂ ਝੱਲ ਚੁੱਕੇ ਹਨ ਪਰ ਮੀਟਿੰਗ ਨਸੀਬ ਨਹੀਂ ਹੋਈ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਕਿਹਾ ਕਿ ਕੈਬਨਿਟ ਦਾ ਵਿਸਥਾਰ ਹੋਣ ਮਗਰੋਂ ਰੁਜ਼ਗਾਰ ਦੇ ਮਸਲੇ ਨੂੰ ਪ੍ਰਮੁੱਖਤਾ ਨਾਲ ਹੱਲ ਕੀਤਾ ਜਾਵੇਗਾ ਕਿਉਂਕਿ ਸਰਕਾਰ ਰੁਜ਼ਗਾਰ ਮੁਹੱਈਆ ਕਰਨ ਲਈ ਹੀ ਬਣੀ ਹੈ। ਜੇਕਰ ਮਿਲੇ ਭਰੋਸੇ ਅਨੁਸਾਰ ਮੰਗਾਂ ਦਾ ਹੱਲ ਨਾ ਹੋਇਆ ਤਾਂ 3 ਅਕਤੂਬਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਵਫ਼ਦ ’ਚ ਯੂਨੀਅਨ ਆਗੂ ਅਮਨ ਸੇਖਾ, ਗਗਨਦੀਪ ਕੌਰ, ਸੰਦੀਪ ਗਿੱਲ, ਨਰਿੰਦਰ ਫਾਜ਼ਿਲਕਾ ਅਤੇ ਕੁਲਵੰਤ ਲੌਂਗੋਵਾਲ ਸ਼ਾਮਲ ਸਨ।