ਕਾਨਪੁਰ, 26 ਨਵੰਬਰ
ਸ਼੍ਰੇਅਸ ਅਈਅਰ ਨੇ ਆਪਣੇ ਪਹਿਲੇ ਮੈਚ ਵਿਚ ਨਾਬਾਦ ਅਰਧ ਸੈਂਕੜਾ ਪਾਰੀ ਖੇਡੀ ਅਤੇ ਰਵਿੰਦਰ ਜਡੇਜਾ ਨਾਲ ਮਿਲ ਕੇ ਅਟੁੱਟ ਸੈਂਕੜੇ ਵਾਲੀ ਸਾਂਝੇਦਾਰੀ ਨਿਭਾਈ। ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਸ਼ੁਰੂਆਤੀ ਦਿਨ ਭਾਰਤ ਨੇ ਅੱਜ ਇੱਥੇ ਚਾਰ ਵਿਕਟਾਂ ’ਤੇ 258 ਦੌੜਾਂ ਬਣਾਈਆਂ। ਅਈਅਰ 75 ਦੌੜਾਂ ਬਣਾ ਕੇ ਕਰੀਜ਼ ’ਤੇ ਡਟਿਆ ਹੋਇਆ ਹੈ। ਅਈਅਰ ਨੇ ਹੁਣ ਤੱਕ 136 ਗੇਂਦਾਂ ਖੇਡਦੇ ਹੋਏ ਸੱਤ ਚੌਕੇ ਅਤੇ ਦੋ ਛੱਕੇ ਮਾਰੇ ਹਨ। ਉਸ ਨੇ ਜਡੇਜਾ (100 ਗੇਂਦਾਂ ’ਤੇ ਨਾਬਾਦ 50 ਦੌੜਾਂ) ਨਾਲ ਪੰਜਵੇਂ ਵਿਕਟ ਲਈ ਹੁਣ ਤੱਕ 113 ਦੌੜਾਂ ਜੋੜੀਆਂ ਹਨ। ਖ਼ਰਾਬ ਰੋਸ਼ਨੀ ਕਰ ਕੇ ਦਿਨ ਦਾ ਖੇਡ ਛੇ ਓਵਰ ਪਹਿਲਾਂ ਹੀ ਸਮਾਪਤ ਕਰ ਦਿੱਤਾ ਗਿਆ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (93 ਗੇਂਦਾਂ ’ਤੇ 52 ਦੌੜਾਂ) ਦੀ ਪਾਰੀ ਖਿੱਚ ਦਾ ਕੇਂਦਰ ਰਹੀ। ਚੇਤੇਸ਼ਵਰ ਪੁਜਾਰਾ (88 ਗੇਂਦਾਂ ’ਤੇ 26 ਦੌੜਾਂ) ਤੇ ਕਪਤਾਨ ਅਜਿੰਕਿਆ ਰਹਾਣੇ (63 ਗੇਂਦਾਂ ’ਤੇ 35 ਦੌੜਾਂ) ਚੰਗੀ ਸ਼ੁਰੂਆਤ ਦੇ ਬਾਵਜੂਦ ਵੱਡੀ ਪਾਰੀ ਨਹੀਂ ਖੇਡ ਸਕਿਆ ਜਦਕਿ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ (28 ਗੇਂਦਾਂ ’ਤੇ 13 ਦੌੜਾਂ) ਮੌਕੇ ਦਾ ਫਾਇਦਾ ਨਹੀਂ ਉਠਾ ਸਕਿਆ। ਤੇਜ਼ ਗੇਂਦਬਾਜ਼ ਜੈਮੀਸਨ ਨੇ 47 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।