ਸੈਂਚੂਰੀਅਨ, 31 ਦਸੰਬਰ

ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਤੇ ਰਵੀਚੰਦਰਨ ਅਸ਼ਵਿਨ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਅੱਜ ਇਥੇ ਮੇਜ਼ਬਾਨ ਦੱਖਣੀ ਅਫ਼ਰੀਕਾ ਨੂੰ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਪੰਜਵੇਂ ਦਿਨ 113 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਲੈ ਲਈ ਹੈ। ਦੱਖਣ ਅਫ਼ਰੀਕੀ ਟੀਮ ਜਿੱਤ ਲਈ ਮਿਲੇ 305 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੰਜਵੇਂ ਦਿਨ ਦੇ ਦੂਜੇ ਸੈਸ਼ਨ ਵਿੱਚ ਆਪਣੀ ਦੂਜੀ ਪਾਰੀ ਵਿੱਚ 191 ਦੌੜਾਂ ’ਤੇ ਆਊਟ ਹੋ ਗਈ। ਭਾਰਤ ਨੇ ਆਪਣੀ ਪਹਿਲੀ ਤੇ ਦੂਜੀ ਪਾਰੀ ਵਿੱਚ ਕ੍ਰਮਵਾਰ 327 ਤੇ 174 ਦੌੜਾ ਬਣਾਈਆਂ ਸਨ। ਭਾਰਤ ਲਈ ਪਹਿਲੀ ਪਾਰੀ ਵਿੱਚ ਸੈਂਕੜਾ ਜੜਨ ਵਾਲੇ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਨੂੰ ‘ਮੈਨ ਆਫ ਦਿ ਮੈਚ’ ਚੁਣਿਆ ਗਿਆ। ਭਾਰਤ ਦੀ ਦੱਖਣ ਅਫ਼ਰੀਕੀ ਸਰਜ਼ਮੀਨ ਉੱਤੇ ਟੈਸਟ ਮੈਚਾਂ ਵਿੱਚ ਚੌਥੀ ਜਿੱਤ ਹੈ। ਹਾਲਾਂਕਿ ਭਾਰਤ ਟੀਮ ਨੇ ਇਸ ਜਿੱਤ ਨਾਲ ਦੱਖਣੀ ਅਫ਼ਰੀਕਾ ਵਿੱਚ ਪਹਿਲੀ ਵਾਰ ਟੈਸਟ ਲੜੀ ਜਿੱਤਣ ਦੀ ਦਿਸ਼ਾ ਵੱਲ ਮਜ਼ਬੂਤੀ ਨਾਲ ਕਦਮ ਵਧਾ ਲਏ ਹਨ।