ਐਡੀਲੇਡ, 10 ਦਸੰਬਰ
ਪਿਛਲੇ ਮੈਚਾਂ ਦੇ ਲੱਚਰ ਪ੍ਰਦਸ਼ਨ ਦੇ ਬਾਵਜੂਦ ਚੇਤੇਸ਼ਵਰ ਪੁਜਾਰਾ ਅਤੇ ਅਜਿੰਕਿਆ ਰਹਾਣੇ ਦੇ ਅਰਧ ਸੈਂਕੜਿਆਂ ਦੇ ਨਾਲ ਆਸਟਰੇਲੀਆ ਦੇ ਸਾਹਮਣੇ ਚੁਣੌਤੀਪੂਰਣ ਟੀਚਾ ਰੱਖਣ ਵਾਲੇ ਭਾਰਤ ਨੇ ਐਤਵਾਰ ਨੂੰ ਇੱਥੇ ਮੇਜ਼ਬਾਨ ਟੀਮ ਦੇ ਚੋਟੀ ਦੇ ਚਾਰ ਵਿਕਟ ਕੱਢ ਕੇ ਪਹਿਲੇ ਟੈਸਟ ਮੈਚ ਵਿਚ ਜਿੱਤ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਆਸਟਰੇਲੀਆ ਨੇ 323 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੇ ਖਿਲਾਫ਼ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਖੇਡ ਸਮਾਪਤ ਹੋਣ ਤੱਕ ਐਤਵਾਰ ਨੂੰ ਇੱਥੇ ਚਾਰ ਵਿਕਟਾਂ ’ਤੇ 104 ਦੌੜਾਂ ਬਣਾਈਆਂ। ਆਸਟਰੇਲੀਆ ਅਜੇ ਵੀ ਟੀਚੇ ਤੋਂ 219 ਦੌੜਾਂ ਪਿੱਛੇ ਹੈ। ਸਟੰਪ ਉਖੜਨ ਦੇ ਸਮੇਂ ਸ਼ਾਨ ਮਾਰਸ਼ ਅਤੇ ਟਰੇਵਿਸ ਹੇਡ 11 ਦੌੜਾਂ ਉੱਤੇ ਖੇਡ ਰਹੇ ਸਨ। ਆਸਟਰੇਲੀਆ ਦੀਆਂ ਆਸਾਂ ਅਨੁਭਵੀ ਸ਼ਾਨ ਮਾਰਸ਼ ਨਾਬਾਦ (31) ਅਤੇ ਪਹਿਲੀ ਪਾਰੀ ਵਿਚ ਆਪਣਾ ਜੁਝਾਰੂਪਣ ਦਿਖਾਉਣ ਵਾਲੇ ਟਰੇਵਿਸ ਹੇਡ (ਨਾਬਾਦ 11) ਉੱਤੇ ਟਿਕੀਆਂ ਹੈ। ਭਾਰਤ ਦੇ ਹੇਠਲੇ ਕ੍ਰਮ ਦੇ ਬੱਲੇਬਾਜ਼ ਨਹੀਂ ਚੱਲ ਸਕੇ। ਭਾਰਤ ਨੇ ਆਖ਼ਰੀ ਚਾਰ ਵਿਕਟਾਂ ਸਿਰਫ ਚਾਰ ਦੌੜਾਂ ਹਾਸਲ ਕਰਦਿਆਂ ਹੀ ਗਵਾ ਦਿੱਤੀਆਂ ਪਰ ਪੁਜਾਰਾ (71) ਅਤੇ ਰਹਾਣੇ (70) ਦੇ ਅਰਧ ਸੈਂਕੜਿਆਂ ਦੀ ਮੱਦਦ ਨਾਲ ਟੀਮ 307 ਦੌੜਾਂ ਬਣਾਉਣ ਵਿਚ ਸਫ਼ਲ ਰਹੀ।
ਨਾਥਨ ਲਿਓਨ ਨੇ 122 ਦੌੜਾਂ ਦੇ ਕੇ ਛੇ ਅਤੇ ਮਿਸ਼ੇਲ ਸਟਾਰਕ ਨੇ 40 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਇਸ ਤੋਂ ਬਾਅਦ ਮੁਹੰਮਦ ਸ਼ਮੀ (15 ਦੌੜਾਂ ਦੇ ਕੇ ਦੋ ਵਿਕਟਾਂ) ਤੇ (ਰਵੀਚੰਦਰਨ ਅਸ਼ਵਿਨ 44 ਦੌੜਾਂ ਦੇ ਕੇ ਦੋ) ਨੇ ਭਾਰਤ ਨੂੰ ਅਹਿਮ ਸਫਲਤਾ ਦਿਵਾਈ। ਹਾਲਾਂ ਕਿ ਮਾਰਸ਼ ਅਤੇ ਹੇਡ ਨੇ ਆਖ਼ਰੀ ਘੰਟੇ ਵਿਚ ਭਾਰਤੀ ਬੱਲੇਬਾਜ਼ਾਂ ਦੇ ਸਾਹਮਣੇ ਸਖਤ ਪ੍ਰੀਖਿਆ ਵਿਚੋਂ ਗੁਜ਼ਰ ਕੇ ਮੈਚ ਦੇ ਰੋਮਾਂਚਿਕ ਅੰਤ ਦੀਆਂ ਉਮੀਦਾਂ ਵੀ ਜਗਾ ਦਿੱਤੀਆਂ ਹਨ। ਭਾਰਤ ਨੇ ਪਹਿਲੀ ਪਾਰੀ ਵਿਚ 250 ਦੌੜਾਂ ਬਣਾਉਣ ਬਾਅਦ ਆਸਟਰੇਲੀਆ ਨੂੰ 235 ਦੌੜਾਂ ਉੱਤੇ ਆਊਟ ਕਰ ਦਿੱਤਾ ਸੀ। ਭਾਰਤ ਨੇ ਚਾਹ ਦੇ ਆਰਾਮ ਤੋਂ ਪਹਿਲਾਂ ਹੀ ਆਰੋਨ ਫਿੰਚ (11) ਨੂੰ ਆਊਟ ਕਰਕੇ ਆਸਟਰੇਲੀਆ ਨੂੰ ਸ਼ੁਰੂਆਤੀ ਝਟਕਾ ਦਿੱਤਾ। ਫਿੰਚ ਨੇ ਜਦੋ ਖਾਤਾ ਵੀ ਨਹੀਂ ਖੋਲ੍ਹਿਆ ਸੀ ਤਾਂ ਇਸ਼ਾਂਤ ਸ਼ਰਮਾ ਦੀ ਪਾਰੀ ਦੀ ਦੂਜੀ ਗੇਂਦ ਉੱਤੇ ਅੰਪਾਇਰ ਨੇ ਉਸ ਨੂੰ ਟੰਗ ਅੜਿੱਕਾ ਆਊਟ ਦੇ ਦਿੱਤਾ ਸੀ। ਬੱਲੇਬਾਜ਼ਾਂ ਨੇ ਡੀਆਰਐੱਸ ਦਾ ਸਹਾਰਾ ਲਿਆ। ਇਸ਼ਾਂਤ ਨੇ ਨੋ ਬਾਲ ਕੀਤੀ ਸੀ। ਇਸ ਲਈ ਫੈਸਲਾ ਬਦਲ ਦਿੱਤਾ ਗਿਆ। ਅਸ਼ਵਿਨ ਨੇ ਹਾਲਾਂ ਕਿ ਚਾਹ ਦੇ ਵਿਸ਼ਰਾਮ ਤੋਂ ਪਹਿਲਾਂ ਫਿੰਚ ਨੂੰ ਵਿਕਟਕੀਪਰ ਰਿਸ਼ਭ ਪੰਤ ਦੇ ਹੱਥੋਂ ਕੈਚ ਆਊਟ ਕਰਵਾ ਕੇ ਪਹਿਲੀ ਸਫਲਤਾ ਦਿਵਾਈ। ਆਪਣਾ ਟੈਸਟ ਖੇਡ ਰਹੇ ਮਾਰਸ ਹੈਰਿਸ ਨੂੰ ਮੁਹੰਮਦ ਸ਼ਮੀ ਦੀ ਗੇਂਦ ਨੂੰ ਲਾਈਨ ਵਿਚ ਆਏ ਬਿਨਾਂ ਕੱਟ ਕਰਨਾ ਮਹਿੰਗਾ ਪਿਆ ਅਤੇ ਪੰਤ ਨੇ ਮੈਚ ਦਾ ਆਪਣਾ ਅੱਠਵਾਂ ਕੈਚ ਲਿਆ।
ਆਸਟਰੇਲੀਆ ਦੀ ਨਿਰਭਰਤਾ ਹੁਣ ਉਸ ਦੇ ਤਜਰਬੇਕਾਰ ਬੱਲੇਬਾਜ਼ਾਂ ਉਸਮਾਨ ਖਵਾਜ਼ਾ ਅਤੇ ਸ਼ਾਨ ਮਾਰਸ਼ ਉੱਤੇ ਸੀ। ਅਸ਼ਵਿਨ ਨੇ ਹਾਲਾਂ ਕਿ ਖਵਾਜ਼ਾ (8) ਨੂੰ ਆਊਟ ਕਰਕੇ ਭਾਰਤ ਨੂੰ ਵੱਡੀ ਸਫਲਤਾ ਦਿਵਾਈ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਫਲਾਈਟ ਲੈਂਦੀ ਗੇਂਦ ਨੂੰ ਮਿਡ ਆਫ ਉੱਤੇ ਉਛਾਲਿਆ, ਜਿਸ ਨੂੰ ਰੋਹਿਤ ਸ਼ਰਮਾ ਨੇ ਖੂਬਸੂਰਤੀ ਨਾਲ ਕੈਚ ਕਰ ਲਿਆ। ਮਾਰਸ਼ ਨੇ ਪੀਟਰ ਹੈਂਡਸਕਾਂਬ (14) ਨਾਲ ਮਿਲ ਕੇ 13 ਓਵਰਾਂ ਤੱਕ ਭਾਰਤ ਨੂੰ ਸਫਲਤਾ ਨਾ ਮਿਲਣ ਦਿੱਤੀ। ਅਜਿਹੀ ਸਥਿਤੀ ਵਿਚ ਸ਼ਰਮਾ ਨੇ ਫਿਰ ਗੇਂਦ ਸੰਭਾਲੀ ਅਤੇ ਹੈਂਡਸਕਾਂਬ ਨੂੰ ਉਸਦੀ ਸ਼ਾਰਟ ਪਿੱਚ ਗੇਂਦ ਉੱਤੇ ਗਲਤ ਟਾਈਮਿੰਗ ਨਾਲ ਪੂਲ ਕਰਕੇ ਮਿਡਵਿਕਟ ਉੱਤੇ ਪੁਜਾਰਾ ਨੂੰ ਕੈਚ ਦਿਵਾਇਆ।
ਇਸ ਤੋਂ ਪਹਿਲਾਂ ਭਾਰਤ ਨੇ ਸਵੇਰੇ ਤਿੰਨ ਵਿਕਟਾਂ ਉੱਤੇ 151 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਪੁਜਾਰਾ ਅਤੇ ਰਹਾਣੇ ਨੇ ਚੌਥੇ ਵਿਕਟ ਲਈ 87 ਦੌੜਾਂ ਦੀ ਸਾਂਝੇਦਾਰੀ ਕਰਕੇ ਆਸਟਰੇਲੀਆ ਦਾ ਹਮਲਾ ਬੈਕਫੁੱਟ ਉੱਤੇ ਕਰ ਦਿੱਤਾ। ਪਹਿਲੀ ਪਾਰੀ ਵਿਚ ਸੈਂਕੜਾ ਜੜਨ ਵਾਲੇ ਪੁਜਾਰਾ ਨੇ ਦਿਨ ਦੇ ਸ਼ੁਰੂ ਵਿਚ ਹੀ ਚਾਰ ਚੌਕੇ ਜੜ ਕੇ ਆਸ ਭਰਪੂਰ ਸ਼ੁਰੂਆਤ ਕੀਤੀ। ਪੁਜਾਰਾ ਨੇ 140 ਗੇਂਦਾਂ ਉੱਤੇ ਆਪਣਾ 20 ਵਾਂ ਅਰਧ ਸੈਂਕੜਾ ਪੂਰਾ ਕੀਤਾ। ਆਸਟਰੇਲੀਆ ਨੇ 80 ਓਵਰਾਂ ਤੋਂ ਤੁਰੰਤ ਬਾਅਦ ਨਵੀਂ ਗੇਂਦ ਲਈ ਪਰ ਸਟਾਰਕ ਦਾ ਆਪਣੀਆਂ ਗੇਂਦਾਂ ਉੱਤੇ ਪੂਰੀ ਤਰ੍ਹਾਂ ਕੰਟਰੋਲ ਨਹੀਂ ਸੀ। ਆਸਟਰੇਲੀਆ ਨੂੰ ਆਖ਼ਿਰ ਨੂੰ 88ਵੇਂ ਓਵਰ ਵਿਚ ਦਿਨ ਦੀ ਪਹਿਲੀ ਸਫਲਤਾ ਮਿਲੀ ਜਦੋਂ ਲਿਓਨ ਨੇ ਪੁਜਾਰਾ ਨੂੰ ਸ਼ਾਰਟ ਲੈੱਗ ਉੱਤੇ ਆਊਟ ਕਰਵਾਇਆ। ਪੁਜਾਰਾ ਜਦੋਂ ਪਵੇਲੀਅਨ ਪਰਤ ਰਿਹਾ ਸੀ ਤਾਂ ਦਰਸ਼ਕਾਂ ਨੇ ਖੜ੍ਹੇ ਹੋ ਕੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਉਸ ਨੇ ਇਸ ਮੈਚ ਵਿਚ 450 ਗੇਂਦਾਂ ਦਾ ਸਾਹਮਣਾ ਕੀਤਾ। ਇਸ ਤੋਂ ਬਾਅਦ ਰੋਹਿਤ ਸ਼ਰਮਾ (1) ਕਰੀਜ਼ ਉੱਤੇ ਉਤਰਿਆ ਪਰ ਉਹ ਤੁਰੰਤ ਹੀ ਪਵੇਲੀਅਨ ਪਰਤ ਗਿਆ। ਲਿਓਨ ਦੀ ਗੇਂਦ ਉੱਤੇ ਹੈਂਡਸਕਾਂਬ ਨੇ ਉਸ ਦਾ ਸ਼ਾਨਦਾਰ ਕੈਚ ਲੈ ਲਿਆ।
ਰਹਾਣੇ ਨੇ ਇਕ ਸਿਰਾ ਸੰਭਾਲ ਕੇ ਰੱਖਿਆ ਅਤੇ 111 ਗੇਂਦਾਂ ਉੱਤੇ ਆਪਣਾ 16ਵਾਂ ਅਰਧ ਸੈਂਕੜਾ ਪੂਰਾ ਕੀਤਾ। ਪੰਤ (28) ਨੇ ਲਿਓਨ ਵਿਰੁੱਧ ਹਮਲਾਵਰ ਰਵਈਆ ਅਖ਼ਤਿਆਰ ਕੀਤਾ ਪਰ ਉਹ ਬਹੁਤੀ ਦੇਰ ਨਹੀਂ ਟਿਕ ਸਕਿਆ ਅਤੇ ਖ਼ਰਾਬ ਸ਼ਾਟ ਖੇਡ ਕੇ ਡੀਪ ਕਵਰ ’ਤੇ ਕੈਚ ਦੇ ਕੇ ਪਵੇਲੀਅਨ ਪਰਤ ਗਿਆ। ਅਸ਼ਵਿਨ (5) ਅਤੇ ਰਹਾਣੇ ਨੇ ਵੀ ਗੈਰਸੁਭਾਵਿਕ ਸ਼ਾਟ ਖੇਡ ਕੇ ਆਪਣੇ ਵਿਕਟ ਗਵਾਏ, ਅਸ਼ਵਿਨ ਨੇ ਸਟਾਰਕ ਉੱਤੇ ਪੂਲ ਕਰਕੇ ਆਸਾਨ ਕੈਚ ਦਿੱਤਾ ਜਦੋਂ ਕਿ ਰਹਾਣੇ ਨੇ ਰਿਵਰਸ ਸਵੀਪ ਕਰਕੇ ਕੈਚ ਦੇ ਦਿੱਤਾ। ਮੁਹੰਮਦ ਸ਼ਮੀ (0) ਨੇ ਲਿਓਨ ਦੀ ਪਹਿਲੀ ਗੇਂਦ ਉੱਤੇ ਹੀ ਲੰਬਾ ਸ਼ਾਟ ਖੇਡ ਕੇ ਕੈਚ ਦੇ ਦਿੱਤਾ। ਇਸ਼ਾਂਤ ਸ਼ਰਮਾ (0) ਦੇ ਆਊਟ ਹੋਣ ਨਾਲ ਭਾਰਤ ਦੀ ਪਾਰੀ ਖਤਮ ਹੋ ਗਈ।