ਐੱਸਏਐੱਸ ਨਗਰ (ਮੁਹਾਲੀ):
ਭਾਰਤ ਅਤੇ ਆਸਟਰੇਲੀਆ ਦਰਮਿਆਨ ਤਿੰਨ ਮੈਚਾਂ ਦੀ ਟੀ-20 ਲੜੀ ਦੇ ਸਥਾਨਕ ਪੀਸੀਏ ਸਟੇਡੀਅਮ ਵਿੱਚ ਮੰਗਲਵਾਰ ਨੂੰ ਖੇਡੇ ਜਾਣ ਵਾਲੇ ਪਹਿਲੇ ਮੈਚ ਤੋਂ ਪਹਿਲਾਂ ਅੱਜ ਦੋਵਾਂ ਟੀਮਾਂ ਨੇ ਦੋ-ਦੋ ਘੰਟੇ ਅਭਿਆਸ ਕੀਤਾ। ਦੋਵੇਂ ਟੀਮਾਂ ਸ਼ਨਿਚਰਵਾਰ ਨੂੰ ਮੁਹਾਲੀ ਪਹੁੰਚ ਗਈਆਂ ਸਨ। ਟੀਮਾਂ ਸੋਮਵਾਰ ਨੂੰ ਵੀ ਅਭਿਆਸ ਕਰਨਗੀਆਂ। ਭਾਰਤੀ ਟੀਮ ਦੇ ਗੇਂਦਬਾਜ਼ ਮੁਹੰਮਦ ਸ਼ੰਮੀ ਕਰੋਨਾ ਪਾਜ਼ੇਟਿਵ ਪਾਏ ਜਾਣ ਕਾਰਨ ਲੜੀ ਵਿੱਚੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਥਾਂ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।ਭਾਰਤੀ ਟੀਮ ਨੇ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਹੇਠ ਦੁਪਹਿਰੇ ਇੱਕ ਤੋਂ ਤਿੰਨ ਵਜੇ ਤੱਕ ਪ੍ਰੈਕਟਿਸ ਕੀਤੀ। ਆਸਟਰੇਲੀਅਨ ਟੀਮ ਨੇ ਕਪਤਾਨ ਆਰੋਨ ਫਿੰਚ ਦੀ ਅਗਵਾਈ ਹੇਠ ਸ਼ਾਮੀਂ ਪੰਜ ਤੋਂ ਸੱਤ ਵਜੇ ਤੱਕ ਅਭਿਆਸ ਕੀਤਾ। ਟੀਮਾਂ ਨੇ ਆਪਣੇ ਸਾਥੀ ਖਿਡਾਰੀਆਂ ਅਤੇ ਕੋਚਾਂ ਨਾਲ ਪਿੱਚ ਦਾ ਮੁਆਇਨਾ ਵੀ ਕੀਤਾ ਅਤੇ ਮੈਚ ਦੌਰਾਨ ਵਧੀਆ ਪ੍ਰਦਰਸ਼ਨ ਦੀ ਰਣਨੀਤੀ ਘੜੀ। ਦੋਵੇਂ ਟੀਮਾਂ ਵੱਲੋਂ ਪਹਿਲਾ ਮੈਚ ਜਿੱਤਣ ਲਈ ਵਿਉਂਤਬੰਦੀ ਕੀਤੀ ਜਾ ਰਹੀ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਦੁਪਹਿਰ ਸਮੇਂ ਪ੍ਰੈੱਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਕਿ ਕੇ.ਐੱਲ. ਰਾਹੁਲ ਮੈਚ ਦੌਰਾਨ ਉਨ੍ਹਾਂ ਨਾਲ ਓਪਨਿੰਗ ਕਰਨਗੇ ਜਦੋਂਕਿ ਵਿਰਾਟ ਕੋਹਲੀ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰੇਗਾ।