ਭਾਰਤ-ਪਾਕਿਸਤਾਨ ਏਸ਼ੀਆ ਕੱਪ 2025 ਵਿੱਚ ਸੁਪਰ ਸੰਡੇ (14 ਸਤੰਬਰ) ਨੂੰ ਦੁਬਈ ਵਿੱਚ ਆਹਮੋ-ਸਾਹਮਣੇ ਹੋਣਗੇ। ਪਰ ਇਸ ਮੈਚ ਬਾਰੇ ਵੱਖ-ਵੱਖ ਰਾਏ ਸਾਹਮਣੇ ਆ ਰਹੀਆਂ ਹਨ। ਇਸ ਮੈਚ ਨੂੰ ਲੈ ਕੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਹਰਭਜਨ ਸਿੰਘ ਨੇ ਇੱਕ ਵਾਰ ਫਿਰ ਬਿਆਨ ਦਿੱਤਾ ਹੈ। ਭੱਜੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਪਹਿਲਾਂ ਚੰਗੇ ਹੋਣੇ ਚਾਹੀਦੇ ਹਨ, ਉਸ ਤੋਂ ਬਾਅਦ ਹੀ ਦੋਵਾਂ ਦੇਸ਼ਾਂ ਨੂੰ ਕ੍ਰਿਕਟ ਦੇ ਮੈਦਾਨ ‘ਤੇ ਆਹਮੋ-ਸਾਹਮਣੇ ਖੇਡਣਾ ਚਾਹੀਦਾ ਹੈ।

ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਸਰਕਾਰ ਵੱਲੋਂ “ਆਪ੍ਰੇਸ਼ਨ ਸਿੰਦੂਰ” ਚਲਾਇਆ ਗਿਆ ਸੀ। ਇਸ ਆਪ੍ਰੇਸ਼ਨ ਕਾਰਨ ਭਾਰਤ ਨੇ ਪਾਕਿਸਤਾਨ ਵਿਰੁੱਧ ਸਖ਼ਤ ਰੁਖ਼ ਅਪਣਾਇਆ ਸੀ, ਅੱਤਵਾਦੀਆਂ ਨੇ ਪਹਿਲਗਾਮ ਵਿੱਚ 26 ਭਾਰਤੀ ਸੈਲਾਨੀਆਂ ਨੂੰ ਮਾਰ ਦਿੱਤਾ ਸੀ। ਉਸ ਪੂਰੀ ਘਟਨਾ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਦੋਵੇਂ ਦੇਸ਼ ਕ੍ਰਿਕਟ ਦੇ ਮੈਦਾਨ ‘ਤੇ ਇੱਕ ਦੂਜੇ ਦੇ ਸਾਹਮਣੇ ਹੋਣਗੇ।
ਹਰਭਜਨ ਨੇ ਵੀਰਵਾਰ ਨੂੰ ਮੁੰਬਈ ਵਿੱਚ ਇੱਕ ਮੈਗਜ਼ੀਨ ਪ੍ਰੋਗਰਾਮ ਦੌਰਾਨ ਮੀਡੀਆ ਨੂੰ ਕਿਹਾ – ਭਾਰਤ-ਪਾਕਿਸਤਾਨ ਮੈਚ ਹਮੇਸ਼ਾ ਚਰਚਾ ਵਿੱਚ ਰਹਿੰਦਾ ਹੈ, ਪਰ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਸਾਰਿਆਂ ਨੇ ਕਿਹਾ ਕਿ ਨਾ ਤਾਂ ਕ੍ਰਿਕਟ ਹੋਣਾ ਚਾਹੀਦਾ ਹੈ ਅਤੇ ਨਾ ਹੀ ਵਪਾਰ। ਭੱਜੀ ਨੇ ਯਾਦ ਦਿਵਾਇਆ ਕਿ ਜਦੋਂ ਉਹ ਵਰਲਡ ਚੈਂਪੀਅਨਸ਼ਿਪ ਆਫ਼ ਲੈਜੈਂਡਜ਼ ਵਿੱਚ ਖੇਡ ਰਿਹਾ ਸੀ, ਤਾਂ ਉਸ ਨੇ ਪਾਕਿਸਤਾਨ ਵਿਰੁੱਧ ਇੱਕ ਵੀ ਮੈਚ ਨਹੀਂ ਖੇਡਿਆ ਸੀ।

ਹਰਭਜਨ ਨੇ ਕਿਹਾ ਕਿ ਨਿੱਜੀ ਤੌਰ ‘ਤੇ ਉਹ ਪਾਕਿਸਤਾਨ ਨਾਲ ਕ੍ਰਿਕਟ ਜਾਂ ਵਪਾਰ ਦਾ ਸਮਰਥਨ ਨਹੀਂ ਕਰਦਾ, ਪਰ ਉਹ ਸਰਕਾਰ ਦੇ ਫੈਸਲੇ ਦਾ ਸਤਿਕਾਰ ਕਰਦਾ ਹੈ। ਉਸਨੇ ਕਿਹਾ ਕਿ ਹਰ ਕਿਸੇ ਦੀ ਸੋਚ ਵੱਖਰੀ ਹੁੰਦੀ ਹੈ। ਮੇਰੀ ਰਾਏ ਹੈ ਕਿ ਜਦੋਂ ਤੱਕ ਦੋਵਾਂ ਦੇਸ਼ਾਂ ਦੇ ਸਬੰਧ ਚੰਗੇ ਨਹੀਂ ਹੁੰਦੇ, ਕੋਈ ਕ੍ਰਿਕਟ ਅਤੇ ਵਪਾਰ ਨਹੀਂ ਹੋਣਾ ਚਾਹੀਦਾ, ਪਰ ਜੇਕਰ ਸਰਕਾਰ ਮੈਚ ਖੇਡਣ ਦੀ ਇਜਾਜ਼ਤ ਦਿੰਦੀ ਹੈ, ਤਾਂ ਖੇਡ ਖੇਡੀ ਜਾਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਭਾਰਤ ਸਰਕਾਰ ਨੇ ਨੀਤੀ ਬਣਾਈ ਸੀ ਕਿ ਹੁਣ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿੱਧੇ ਖੇਡ ਸਬੰਧ ਨਹੀਂ ਹੋਣਗੇ, ਸਗੋਂ ਉਹ ਬਹੁ-ਰਾਸ਼ਟਰੀ ਟੂਰਨਾਮੈਂਟਾਂ ਵਿੱਚ ਇਕੱਠੇ ਖੇਡਣਗੇ। ਇਸ ਤੋਂ ਇਲਾਵਾ ਹਰਭਜਨ ਨੇ ਪੰਜਾਬ ਵਿੱਚ ਹੜ੍ਹ ਪੀੜਤਾਂ ਲਈ ਮਦਦ ਦੀ ਅਪੀਲ ਕੀਤੀ।