ਨਵੀਂ ਦਿੱਲੀ, 27 ਜੁਲਾਈ
ਏਸ਼ਿਆਈ ਖੇਡਾਂ ਲਈ ਹਾਲ ਹੀ ਵਿਚ ਹੋਏ ਟਰਾਇਲ ਵਿਚ ਜਿੱਤ ਦਰਜ ਕਰਨ ਵਾਲੇ ਪਹਿਲਵਾਨਾਂ ਨੇ ਭਾਰਤੀ ਉਲੰਪਿਕ ਸੰਘ (ਆਈਓਏ) ਦੇ ਐੱਡਹਾਕ ਪੈਨਲ ਤੇ ਖੇਡ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ ਉਹ 20 ਅਗਸਤ ਤੋਂ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ ਦੇ ਟਰਾਇਲ ਨਾ ਕਰਾਉਣ। ਇਨ੍ਹਾਂ ਪਹਿਲਵਾਨਾਂ ਦਾ ਕਹਿਣਾ ਹੈ ਕਿ ਵਜ਼ਨ ਘਟਾਉਣ ਦੀ ਦਰਦ ਭਰੀ ਤੇ ਥਕਾਉਣ ਵਾਲੀ ਪ੍ਰਕਿਰਿਆ ਨੂੰ ਦੁਹਰਾਉਣ ਨਾਲ ਵੱਡੇ ਮੁਕਾਬਲੇ ਤੋਂ ਪਹਿਲਾਂ ਸੱਟ ਲੱਗ ਸਕਦੀ ਹੈ। 22 ਜੁਲਾਈ ਨੂੰ ਹੋਏ ਟਰਾਇਲ ਵਿਚ ਵਿਸ਼ਵ ਚੈਂਪੀਅਨਸ਼ਿਪ ਦੀ ਤਗਮਾ ਜੇਤੂ ਸਰਿਤਾ ਮੋਰ ਨੂੰ ਹਰਾ ਕੇ ਉਲਟ-ਫੇਰ ਕਰਨ ਵਾਲੀ ਮਾਨਸੀ ਅਹਿਲਾਵਤ (57 ਕਿਲੋ), ਵਿਸ਼ਾਲ ਕਾਲੀਰਮਨ (65 ਕਿਲੋ), ਅਮਨ ਸਹਿਰਾਵਤ (57 ਕਿਲੋ), ਪੂਜਾ ਗਹਿਲੋਤ (50 ਕਿਲੋ), ਵਿੱਕੀ (92 ਕਿਲੋ), ਸੁਨੀਲ (ਗਰੀਕੋ ਰੋਮਨ 87 ਕਿਲੋ) ਤੇ ਨਰਿੰਦਰ ਚੀਮਾ (ਗਰੀਕੋ ਰੋਮਨ 97 ਕਿਲੋ) ਨੇ ਇਹ ਅਪੀਲ ਕੀਤੀ ਹੈ। ਅੰਤਿਮ ਪੰਘਾਲ, ਰਾਧਿਕਾ ਤੇ ਕਿਰਨ ਨੇ ਵੀ ਅਧਿਕਾਰੀਆਂ ਨੂੰ ਇਹ ਪੱਤਰ ਲਿਖਿਆ ਹੈ। ਇਸ ਪੱਤਰ ਦੀ ਇਕ ਕਾਪੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਭੇਜੀ ਗਈ ਹੈ। ਵਿਸ਼ਵ ਚੈਂਪੀਅਨਸ਼ਿਪ ਦੇ ਟਰਾਇਲ 10 ਅਗਸਤ ਤੱਕ ਹੋਣ ਦੀ ਉਮੀਦ ਸੀ ਜਿਸ ਨਾਲ ਏਸ਼ਿਆਈ ਖੇਡਾਂ ਦੇ ਚੋਣ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਪਹਿਲਵਾਨਾਂ ਨੂੰ ਇਕ ਹੋਰ ਕਰੜੇ ਮੁਕਾਬਲੇ ਦੀ ਤਿਆਰੀ ਲਈ ਲਗਭਗ 17 ਦਨਿਾਂ ਦਾ ਹੀ ਸਮਾਂ ਮਿਲਣਾ ਸੀ। ਪੱਤਰ ਮੁਤਾਬਕ ਪਹਿਲਵਾਨਾਂ ਨੇ ਕਿਹਾ, ‘ਭਾਰ ਘਟਾਉਣ ਨਾਲ ਸਾਡੇ ਪ੍ਰਦਰਸ਼ਨ ਤੇ ਸਿਹਤ ਉਤੇ ਅਸਰ ਪੈਂਦਾ ਹੈ ਤੇ ਇਸ ਨਾਲ ਸੱਟ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ। ਅਸੀਂ ਹਾਲੇ ਏਸ਼ਿਆਈ ਖੇਡਾਂ ਦੇ ਟਰਾਇਲ ਲਈ ਆਪਣਾ ਵਜ਼ਨ ਘਟਾਇਆ ਹੈ ਤੇ ਹੁਣ 10-15 ਦਨਿਾਂ ਦੇ ਅੰਦਰ ਦੁਬਾਰਾ ਭਾਰ ਘਟਾਉਣਾ ਤੇ ਟਰਾਇਲ ਵਿਚ ਮੁਕਾਬਲਾ ਕਰਨਾ ਸਾਡੇ ਲਈ ਸੰਭਵ ਨਹੀਂ ਹੋਵੇਗਾ।’ ਮਾਹਿਰਾਂ ਮੁਤਾਬਕ ਵਜ਼ਨ ਘੱਟ ਕਰਨ ਦੇ ਪ੍ਰਭਾਵ ਤੇ ਇਸ ਤੋਂ ਬਾਅਦ ਮੁਕਾਬਲੇ ਦੇ ਅਸਰ ਤੋਂ ਉੱਭਰਨ ਵਿਚ ਸਰੀਰ ਨੂੰ ਘੱਟੋ-ਘੱਟ 10 ਦਿਨ ਦਾ ਸਮਾਂ ਲੱਗਦਾ ਹੈ।