ਪਹਿਲਗਾਮ ਅਤਿਵਾਦੀ ਹਮਲੇ ‘ਤੇ ਇੱਕ ਤੋਂ ਬਾਅਦ ਇੱਕ ਸਿਤਾਰਿਆਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਸ਼ਾਹਰੁਖ ਖ਼ਾਨ ਤੋਂ ਬਾਅਦ ਹੁਣ ਸਲਮਾਨ ਖ਼ਾਨ ਨੇ ਵੀ ਇਸ ਦਿਲ ਦਹਿਲਾ ਦੇਣ ਵਾਲੇ ਹਮਲੇ ‘ਤੇ ਪੋਸਟ ਕੀਤੀ ਹੈ। X ‘ਤੇ ਪੋਸਟ ਕਰਦੇ ਹੋਏ, ਸਲਮਾਨ ਖ਼ਾਨ ਨੇ ਕਿਹਾ ਹੈ ਕਿ ਬੇਕਸੂਰ ਵਿਅਕਤੀਆਂ ਨੂੰ ਮਾਰਨਾ ਪੂਰੀ ਦੁਨੀਆ ਨੂੰ ਮਾਰਨ ਦੇ ਬਰਾਬਰ ਹੈ।
ਸਲਮਾਨ ਖ਼ਾਨ ਨੇ ਐਕਸ ‘ਤੇ ਲਿਖਿਆ ‘ਕਸ਼ਮੀਰ’ ਜਿਸ ਨੂੰ ਸਵਰਗ ਕਿਹਾ ਜਾਂਦਾ ਹੈ, ਨਰਕ ਵਿੱਚ ਬਦਲ ਰਿਹਾ ਹੈ। ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਪੀੜਤ ਪ੍ਰਵਾਰਾਂ ਨਾਲ ਮੇਰੀ ਸੰਵੇਦਨਾ ਹੈ। ਇੱਕ ਮਾਸੂਮ ਨੂੰ ਮਾਰਨਾ ਪੂਰੀ ਕਾਇਨਾਤ ਨੂੰ ਮਾਰਨ ਦੇ ਬਰਾਬਰ ਹੈ। ਸ਼ਾਹਰੁਖ ਖ਼ਾਨ ਨੇ ਵੀ ਪਹਿਲਗਾਮ ਅਤਿਵਾਦੀ ਹਮਲੇ ‘ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਇਸ ਨੂੰ ਇੱਕ ਘਿਨਾਉਣਾ ਅਪਰਾਧ ਕਿਹਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਆਪਣੀ ਪੋਸਟ ਵਿੱਚ ਲਿਖਿਆ- ‘ਪਹਿਲਗਾਮ ਵਿੱਚ ਹੋਈ ਹਿੰਸਾ ਅਤੇ ਅਣਮਨੁੱਖੀ ਕਾਰਵਾਈ ਤੋਂ ਮੈਂ ਦੁਖੀ ਹਾਂ ਅਤੇ ਮੇਰੇ ਲਈ ਆਪਣੇ ਗੁੱਸੇ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ।’
ਅਜਿਹੇ ਸਮੇਂ, ਅਸੀਂ ਸਿਰਫ਼ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰ ਸਕਦੇ ਹਾਂ ਅਤੇ ਪ੍ਰਭਾਵਿਤ ਪਰਿਵਾਰਾਂ ਲਈ ਆਪਣੀਆਂ ਪ੍ਰਾਰਥਨਾਵਾਂ ਪੇਸ਼ ਕਰ ਸਕਦੇ ਹਾਂ ਅਤੇ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰ ਸਕਦੇ ਹਾਂ। ਆਓ ਇੱਕ ਰਾਸ਼ਟਰ ਵਜੋਂ ਇੱਕਜੁੱਟ ਹੋਈਏ, ਮਜ਼ਬੂਤ ਹੋਈਏ ਅਤੇ ਇਸ ਘਿਨਾਉਣੇ ਅਪਰਾਧ ਲਈ ਇਨਸਾਫ਼ ਲੱਭੀਏ।
ਤੁਹਾਨੂੰ ਦੱਸ ਦੇਈਏ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿਚ ਹੋਏ ਅਤਿਵਾਦੀ ਹਮਲੇ ਵਿੱਚ ਹੁਣ ਤੱਕ 28 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਹਮਲੇ ਵਿੱਚ ਕਈ ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਹਮਲੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ, ਗੰਭੀਰ ਜ਼ਖ਼ਮੀਆਂ ਨੂੰ 2-2 ਲੱਖ ਰੁਪਏ ਅਤੇ ਮਾਮੂਲੀ ਸੱਟਾਂ ਵਾਲੇ ਲੋਕਾਂ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।