ਮੁੰਬਈ, 12 ਅਗਸਤ
ਮਾਪਿਆਂ ਅਤੇ ਧੀ ਨੂੰ ਆਨਲਾਈਨ ਧਮਕੀਆਂ ਮਿਲਣ ਮਗਰੋਂ ਫਿਲਮਸਾਜ਼ ਅਨੁਰਾਗ ਕਸ਼ਯਪ ਨੇ ਆਪਣਾ ਟਵਿੱਟਰ ਖ਼ਾਤਾ ਬੰਦ ਕਰ ਦਿੱਤਾ ਹੈ। ਆਪਣੇ ਆਖਰੀ ਟਵੀਟ ’ਚ ਕਸ਼ਯਪ ਨੇ ਲਿਖਿਆ,‘‘ਜਦੋਂ ਮਾਪਿਆਂ ਅਤੇ ਧੀ ਨੂੰ ਆਨਲਾਈਨ ਧਮਕੀਆਂ ਮਿਲਣੀਆਂ ਸ਼ੁਰੂ ਹੋ ਜਾਣ ਤਾਂ ਕੋਈ ਵੀ ਗੱਲ ਨਹੀਂ ਕਰਨਾ ਚਾਹੇਗਾ। ਠੱਗਾਂ ਦਾ ਰਾਜ ਹੋਵੇਗਾ ਅਤੇ ਠੱਗੀ ਮਾਰਨਾ ਨਵਾਂ ਧੰਦਾ ਹੋਵੇਗਾ। ਸਾਰਿਆਂ ਨੂੰ ਇਸ ਨਵੇਂ ਭਾਰਤ ਲਈ ਮੁਬਾਰਕਾਂ ਅਤੇ ਆਸ ਕਰਦਾ ਹਾਂ ਕਿ ਤੁਸੀਂ ਵਧਦੇ-ਫੁਲਦੇ ਰਹੋ।’’ ਅਨੁਰਾਗ ਨੇ ਸਾਰਿਆਂ ਦੀ ਸਫ਼ਲਤਾ ਅਤੇ ਖ਼ੁਸ਼ਹਾਲੀ ਦੀ ਕਾਮਨਾ ਕਰਦਿਆਂ ਕਿਹਾ ਕਿ ਇਹ ਉਸ ਦਾ ਆਖਰੀ ਟਵੀਟ ਹੈ ਅਤੇ ਉਹ ਟਵਿੱਟਰ ਛੱਡ ਰਿਹਾ ਹੈ। ‘ਜਦੋਂ ਮੈਨੂੰ ਬਿਨ੍ਹਾਂ ਕਿਸੇ ਡਰ ਦੇ ਬੋਲਣ ਨਹੀਂ ਦਿੱਤਾ ਜਾਵੇਗਾ ਤਾਂ ਫਿਰ ਮੈਂ ਬਿਲਕੁਲ ਕੁਝ ਵੀ ਨਹੀਂ ਆਖਾਂਗਾ। ਅਲਵਿਦਾ।’ ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਕਿ ਕਸ਼ਯਪ ਦੇ ਪਰਿਵਾਰ ਨੂੰ ਆਨਲਾਈਨ ਧਮਕੀਆਂ ਮਿਲੀਆਂ ਹਨ। ‘ਦੇਵ ਡੀ’ ਫਿਲਮ ਦੇ ਡਾਇਰੈਕਟਰ ਕਸ਼ਯਪ ਨੇ ਮਈ ’ਚ ਸਾਂਝਾ ਕੀਤਾ ਸੀ ਕਿ ਉਸ ਨੇ ਸੋਸ਼ਲ ਮੀਡੀਆ ’ਤੇ ਧੀ ਨਾਲ ਜਬਰ-ਜਨਾਹ ਦੀ ਧਮਕੀ ਦੇਣ ਵਾਲੇ ਵਿਅਕਤੀ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ ਹੈ।