ਬਰੈਂਪਟਨ/ਸਟਾਰ ਨਿਊਜ਼  -ਬੀਤੇ ਬੁੱਧਵਾਰ 25 ਸਤੰਬਰ ਨੂੰ ਪਰਵਾਸੀ ਪੰਜਾਬ ਪੈੱਨਸ਼ਨਰਜ਼ ਐਸੋਸੀਏਸ਼ਨ ਦੀ ਬਰੈਂਪਟਨ ਸੌਕਰ ਸੈਂਟ ਵਿਚ ਹੋਈ ਮੀਟਿੰਗ ਵਿਚ ਐਸੋਸੀਏਸ਼ਨ ਦੇ ਲੱਗਭੱਗ 150 ਮੈਂਬਰਾਂ ਨੇ ਸ਼ਾਮਲ ਹੋ ਕੇ ਆਪਣੀ ਭਰਪੂਰ ਹਾਜ਼ਰੀ ਲੁਆਈ। ਮੀਟਿੰਗ ਦੀ ਪ੍ਰਧਾਨਗੀ ਅੋਸੋਸੀਏਸ਼ਨ ਦੀ ਕਾਰਜਕਾਰਨੀ ਦੇ 10 ਮੈਂਬਰਾਂ ਦੇ ਪ੍ਰਧਾਨਗੀ-ਮੰਡਲ ਵੱਲੋਂ ਕੀਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਵਿਚ ਪੈੱਨਸ਼ਨਾ ਸਬੰਧੀ ਉਨ੍ਹਾਂ ਨੂੰ ਆ ਰਹੀਆਂ ਮਸ਼ਕਲਾਂ ਸਬੰਧੀ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਵਿਚ ਪਰਮਜੀਤ ਸਿੰਘ ਢਿੱਲੋਂ, ਮੱਲ ਸਿੰਘ ਬਾਸੀ, ਰਾਮ ਪ੍ਰਕਾਸ਼, ਐੱਚæਐੱਸ਼ ਮਿਨਹਾਸ, ਐਡਵੋਕੇਟ ਲਖਵਿੰਦਰ ਸਿੰਘ ਸੰਧੂ, ਨਾਹਰ ਸਿੰਘ ਔਜਲਾ, ਜਰਨਲਿਸਟ ਚਰਨਜੀਤ ਸਿੰਘ ਬਰਾੜ ਤੇ ਡਾæ ਸੁਖਦੇਵ ਸਿੰਘ ਝੰਡ, ਰਜਨੀ ਸ਼ਰਮਾ, ਬਲਦੇਵ ਸਿੰਘ ਬਰਾੜ, ਪੀæਐੱਸ਼ ਸਚਦੇਵਾ, ਹਰੀ ਸਿੰਘ, ਤਾਰਾ ਸਿੰਘ ਗਰਚਾ, ਪ੍ਰੀਤਮ ਸਿੰਘ ਕੁਲਗਰਾਂ, ਇਕਬਾਲ ਕੌਰ ਛੀਨਾ, ਧਰਮਪਾਲ ਸਿੰਘ ਸੰਘਾ, ਸੁਖਵੰਤ ਕੌਰ, ਸੁਰਿੰਦਰ ਸਿੰਘ ਪਾਮਾ ਤੇ ਕਈ ਹੋਰ ਸ਼ਾਮਲ ਸਨ।
ਜਿੱਥੇ ਬਲਦੇਵ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿਚ ਐਸੋਸੀਏਸ਼ਨ ਦੀਆਂ ਮੁੱਖ ਮੰਗਾਂ ਨੂੰ ਉਭਾਰਿਆ ਜਿਨ੍ਹਾਂ ਵਿਚ ਵੱਧਦੀ ਮਹਿੰਗਾਈ ਨੂੰ ਮੁੱਖ ਰੱਖਦਿਆਂ ਹੋਇਆਂ ਇੱਥੇ ਕੈਨੇਡਾ ਵਿਚ ਓਲਡ ਏਜ ਸਕਿਉਰਿਟੀ ਤੇ ਜੀæਆਈæਐੱਸ ਵਿਚ ਲੋੜੀਂਦੇ ਵਾਧੇ ਅਤੇ ਓਨਟਾਰੀਓ ਸੂਬੇ ਵਿਚ ਸੀਨੀਅਰਾਂ ਲਈ ਅਫ਼ੋਰਡੇਬਲ ਘਰਾਂ ਦੀ ਓਸਾਰੀ, ਆਦਿ ਸ਼ਾਮਲ ਸਨ, ਉੱਥੇ ਐਡਵੋਕੇਟ ਲਖਵਿੰਦਰ ਸੰਧੂ ਨੇ ਭਾਰਤ ਵਿਚ ਸੁਪਰੀਮ ਕੋਰਟ ਦੇ ਜਾਇਦਾਦਾਂ ਉੱਪਰ 12 ਸਾਲ ਤੱਕ ਕਬਜ਼ੇ ਵਾਲੇ ਫ਼ੈਸਲੇ ਦੇ ਕਾਨੂੰਨੀ ਪੱਖ ਨੂੰ ਉਜਾਗਰ ਕੀਤਾ। ਪੀæਐੱਸ਼ ਸਚਦੇਵਾ ਨੇ ਸਾਲ 2006 ਤੋਂ 2012 ਦੌਰਾਨ ਸੇਵਾ-ਮੁਕਤ ਹੋਣ ਵਾਲੇ ਪੈੱਨਸ਼ਨਰਾਂ ਲਈ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ 25 ਸਾਲ ਨੌਕਰੀ ਕਰਨ ਵਾਲਿਆਂ ਲਈ 33 ਸਾਲ ਦੀ ਨੌਕਰੀ ਦੀ ਪੂਰੀ ਪੈੱਨਸਨæ ਦੇਣ ਦੇ ਫ਼ੈਸਲੇ ਬਾਰੇ ਜਾਣਕਾਰੀ ਦਿੰਦਆਂ ਦੱਸਿਆ ਕਿ ਇਹ ਫ਼ੈਸਲਾ ਅਜੇ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ। ਡਾæ ਸੁਖਦੇਵ ਸਿੰਘ ਝੰਡ ਨੇ ਆਪਣੇ ਸੰਬੋਧਨ ਵਿਚ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਮੁੱਖ ਕੰਮਾਂ ਦਾ ਵੇਰਵਾ, ਪੰਜਾਬ ਸਰਕਾਰ ਵੱਲੋਂ ਪੈੱਨਸ਼ਨਰਾਂ ਸਬੰਧੀ ਵੱਖ-ਵੱਖ ਸਮੇਂ ਜਾਰੀ ਕੀਤੇ ਜਾਂਦੇ ਨੋਟੀਫ਼ੀਕੇਸ਼ਨਾਂ ਅਤੇ ਅਦਾਲਤੀ ਫ਼ੈਸਲਿਆਂ ਦੀਆਂ ਸੂਚਨਾਵਾਂ ਐਸੋਸੀਏਸ਼ਨ ਦੇ ਮੈਂਬਰਾਂ ਤੀਕ ਪਹੁੰਚਾਉਣ ਲਈ ਆਈæਟੀæ ਦੀ ਮੌਜੂਦਾ ਸੁਵਿਧਾ ਦੀ ਵਰਤੋਂ ਕਰਦਿਆਂ ਈæਮੇਲ ਦੀ ਵਰਤੋਂ ਕਰਨ ਲਈ ਕਿਹਾ। ਉਨ੍ਹਾਂ ਐਸੋਸੀਏਸ਼ਨ ਨੂੰ ਆਪਣੀ ਵੈੱਬਸਾਈਟ ਬਨਾਉਣ ਦਾ ਵੀ ਮਸ਼ਵਰਾ ਦਿੱਤਾ ਤਾਂ ਜੋ ਸਮੇਂ-ਸਮੇਂ ਲੋੜੀਂਦੀਆਂ ਸੂਚਨਾਵਾਂ ਇਸ ਉੱਪਰ ਪਾਈਆਂ ਜਾ ਸਕਣ।
ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ, ਸਿਟੀ ਕਾਊਂਸਲਰ ਹਰਕੀਰਤ ਸਿੰਘ ਅਤੇ ਸਕੂਲ ਟਰੱਸਟੀ ਬਲਬੀਰ ਸੋਹੀ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੀਆਂ ਮੰਗਾਂ ਦਾ ਸਮੱਰਥਨ ਕੀਤਾ। ਐਸੋਸੀਏਸ਼ਨ ਦੇ ਵਿੱਤ-ਸਕੱਤਰ ਮੋਹਿੰਦਰ ਸਿੰਘ ਮੋਹੀ ਵੱਲੋਂ ਪਿਛਲੇ ਸਾਲ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ ਜਿਸ ਨੂੰ ਜਨਰਲ ਹਾਊਸ ਵੱਲੋਂ ਹੱਥ ਖੜੇ ਕਰਕੇ ਸਰਬ-ਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਇਸ ਦੌਰਾਨ ਬਲਵਿੰਦਰ ਸਿੰਘ ਬਰਾੜ ਅਤੇ ਉਨ੍ਹਾਂ ਦੀ ਟੀਮ ਵੱਲੋਂ ਚਾਹ-ਪਾਣੀ ਤੇ ਸਨੈਕਸ ਦਾ ਵਧੀਆ ਪ੍ਰਬੰਧ ਕੀਤਾ ਗਿਆ। ਮੰਚ-ਸੰਚਾਲਨ ਦੀ ਜਿੰੰਮੇਂਵਾਰੀ ਐਸੋਸੀਏਸ਼ਨ ਦੇ ਸਕੱਤਰ ਪ੍ਰੋæ ਜਗੀਰ ਸਿੰਘ ਕਾਹਲੋਂ ਵੱਲੋਂ ਬਾਖ਼ੂਬੀ ਨਿਭਾਈ ਗਈ। ਅਖ਼ੀਰ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਬੜਿੰਗ ਵੱਲੋਂ ਸਾਰੇ ਬੁਲਾਰਿਆਂ ਅਤੇ ਮੈਂਬਰਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।