ਤਹਿਰਾਨ, 13 ਸਤੰਬਰ
ਇਰਾਨ ਦੇ ਪਰਮਾਣੂ ਊਰਜਾ ਪ੍ਰੋਗਰਾਮ ਦੇ ਮੁਖੀ ਮੁਹੰਮਦ ਇਸਲਾਮੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਕੌਮਾਂਤਰੀ ਨਿਰੀਖਕਾਂ ਨੂੰ ਦੇਸ਼ ਦੇ ਸੰਵੇਦਨਸ਼ੀਲ ਪਰਮਾਣੂ ਟਿਕਾਣਿਆਂ ’ਤੇ ਨਜ਼ਰ ਰੱਖਣ ਲਈ ਲਗਾਏ ਗਏ ਕੈਮਰਿਆਂ ਵਿਚ ਨਵੇਂ ਮੈਮਰੀ ਕਾਰਡ ਲਾਉਣ ਤੇ ਰਿਕਾਰਡਿੰਗ ਜਾਰੀ ਰੱਖਣ ਦੀ ਇਜਾਜ਼ਤ ਦੇਣ ਲਈ ਰਾਜ਼ੀ ਹੈ। ਇਰਾਨ ਦੀ ਪਰਮਾਣੂ ਊਰਜਾ ਸੰਸਥਾ ਦੇ ਮੁਖੀ ਮੁਹੰਮਦ ਇਸਲਾਮੀ ਨੇ ਐਤਵਾਰ ਨੂੰ ਇੱਥੇ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਦੇ ਡਾਇਰੈਕਟਰ ਜਨਰਲ ਰਾਫੇਲ ਗਰੌਸੀ ਨਾਲ ਤਹਿਰਾਨ ਵਿਚ ਹੋਈ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਤੋਂ ਇਰਾਨ ਨੇ ਆਈਏਈਏ ਨਿਰੀਖਕਾਂ ਦੇ ਨਿਗਰਾਨੀ ਫੁਟੇਜ ਹਾਸਲ ਕਰਨ ’ਤੇ ਪਾਬੰਦੀ ਲਗਾਈ ਹੋਈ ਹੈ ਕਿਉਂਕਿ ਦੁਨੀਆ ਦੇ ਨਾਲ ਤਹਿਰਾਨ ਦਾ ਪਰਮਾਣੂ ਸਮਝੌਤਾ ਟੁੱਟ ਗਿਆ ਹੈ। ਇਸ ਐਲਾਨ ਨਾਲ ਹੁਣ ਇਰਾਨ ਨੂੰ ਇਸ ਹਫ਼ਤੇ ਆਈਏਈਏ ਦੀ ਬੋਰਡ ਮੀਟਿੰਗ ਤੋਂ ਪਹਿਲਾਂ ਤਿਆਰੀ ਕਰਨ ਲਈ ਕੁਝ ਸਮਾਂ ਮਿਲ ਸਕਦਾ ਹੈ।