ਪਟਿਆਲਾ, 15 ਜੂਨ: ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਮਹਾਂਮਾਰੀ ਖ਼ਿਲਾਫ਼ ਜੰਗ ਨੂੰ ਜਿੱਤਣ ਲਈ ਅਰੰਭੇ ‘ਮਿਸ਼ਨ ਫ਼ਤਿਹ’ ਤਹਿਤ ਮੂਹਰਲੀ ਕਤਾਰ ‘ਚ ਕੰਮ ਕਰ ਰਹੇ ਕੋਰੋਨਾ ਯੋਧਿਆਂ ਦੀ ਸ਼ਲਾਘਾ ਕੀਤੀ ਹੈ।

ਮਿਸ਼ਨ ਫ਼ਤਿਹ ਦੀ ਇਸ ਜਨ-ਜਾਗਰੂਕਤਾ ਮੁਹਿੰਮ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਹਰੇਕ ਕੋਰੋਨਾ ਯੋਧੇ ਨੂੰ ‘ਮਿਸ਼ਨ ਫਤਿਹ’ ਦਾ ਬੈਜ ਲਗਾ ਕੇ ਨਾਲ ਸਨਮਾਨਤ ਕਰਨ ਦੀ ਪਟਿਆਲਾ ਜ਼ਿਲ੍ਹੇ ‘ਚ ਰਸਮੀ ਸ਼ੁਰੂਆਤ ਸ੍ਰੀਮਤੀ ਪਰਨੀਤ ਕੌਰ ਨੇ ਵੀਡੀਓ ਕਾਲ ਕਰਕੇ ਕਰਵਾਈ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਨੂੰ ਕਰੋਨਾ ਯੋਧਿਆਂ ਦੇ ਬੈਜ ਲਗਾਏ।

ਪਰਨੀਤ ਕੌਰ ਨੇ ਕੋਵਿਡ-19 ਖ਼ਿਲਾਫ਼ ਜੰਗ ‘ਮਿਸ਼ਨ ਫ਼ਤਿਹ’ ਜਿੱਤਣ ਲਈ ਸਾਰੇ ਖੇਤਰਾਂ ਦੇ ਕੋਰੋਨਾ ਯੋਧਿਆਂ ਦੀ ਸਮੂਹਕ ਤੌਰ ‘ਤੇ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਇਹ ਜੰਗ ਅਸੀਂ ਸਾਰਿਆਂ ਦੇ ਸਹਿਯੋਗ ਨਾਲ ਹੀ ਜਿੱਤ ਸਕਦੇ ਹਾਂ। ਲੋਕ ਸਭਾ ਮੈਂਬਰ ਨੇ ਇਨ੍ਹਾਂ ਸਾਰੇ ਕੋਰੋਨਾ ਯੋਧਿਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਮਿਸ਼ਨ ਫ਼ਤਿਹ ਦੀ ਕਾਮਯਾਬੀ ਲਈ ਇਨ੍ਹਾਂ ਦੀ ਭੂਮਿਕਾ ਨੂੰ ਅਹਿਮ ਦੱਸਿਆ ਹੈ। ਇਸ ਮੌਕੇ ਇਨ੍ਹਾਂ ਸਫ਼ਾਈ ਕਰਮਚਾਰੀਆਂ ਨੇ ਭਾਵੁਕ ਹੁੰਦਿਆਂ ਸ੍ਰੀਮਤੀ ਪਰਨੀਤ ਕੌਰ ਨੂੰ ਭਰੋਸਾ ਦਿਵਾਇਆ ਕਿ ਉਹ ਮਿਸ਼ਨ ਫ਼ਤਿਹ ਦੀ ਕਾਮਯਾਬੀ ਲਈ ਤਨਦੇਹੀ ਨਾਲ ਮਿਹਨਤ ਕਰਨਗੇ।

ਪਰਨੀਤ ਕੌਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਸਮੇਤ ਡਾਕਟਰਾਂ, ਪੈਰਾ ਮੈਡੀਕਲ ਅਮਲਾ, ਮੀਡੀਆ, ਨਗਰ ਨਿਗਮ ਅਤੇ ਸਥਾਨਕ ਸਰਕਾਰਾਂ ਦੇ ਸਫ਼ਾਈ ਕਰਮਚਾਰੀਆਂ ਅਤੇ ਹੋਰ ਅਮਲਾ, ਅਧਿਆਪਕਾਂ, ਆਂਗਣਵਾੜੀ ਤੇ ਆਸ਼ਾ ਵਰਕਰਾਂ, ਸਰਪੰਚਾਂ, ਸਮਾਜ ਸੇਵਕਾਂ ਅਤੇ ਹਰੇਕ ਉਸ ਵਿਅਕਤੀ, ਜੋ ਪਰਦੇ ਪਿੱਛੇ ਰਹਿ ਕੇ ਇਸ ਜੰਗ ਨੂੰ ਜਿੱਤਣ ‘ਚ ਆਪਣਾ ਸਹਿਯੋਗ ਪਾ ਰਿਹਾ ਹੈ, ਨੂੰ 6000 ਬੈਜ ਲਗਾਏ ਜਾ ਰਹੇ ਹਨ।

ਇਸੇ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ ਭਰ ‘ਚ ਅੱਜ ਹਰੇਕ ਕੋਰੋਨਾ ਯੋਧੇ ਨੂੰ ਮਿਸ਼ਨ ਫ਼ਤਿਹ ਦੇ ਬੈਜ ਲਗਵਾਏ ਗਏ ਅਤੇ ਮਿਸ਼ਨ ਫ਼ਤਿਹ ਦਾ ਸੰਦੇਸ਼ ਹਰ ਘਰ ਤੱਕ ਪੁੱਜਦਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰੇਕ ਕੋਰੋਨਾ ਯੋਧੇ ਦਾ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ ਅਹਿਮ ਯੋਗਦਾਨ ਹੈ। ਡਿਪਟੀ ਕਮਿਸ਼ਨਰ ਨੇ ਮੁੜ ਤੋਂ ਅਪੀਲ ਕੀਤੀ ਕਿ ਕੋਵਿਡ-19 ਵਾਇਰਸ ਦੇ ਲਗਾਤਾਰ ਵੱਧਦੇ ਜਾ ਰਹੇ ਕੇਸਾਂ ਦੇ ਸਨਮੁੱਖ ਹਰ ਵਿਅਕਤੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ ਫ਼ਤਿਹ ਤਹਿਤ ਮਾਸਕ ਲਗਾਉਣਾ, ਆਪਸੀ ਵਿੱਥ, ਹੱਥਾਂ ਦੀ ਸਫਾਈ, ਜਨਤਕ ਥਾਵਾਂ ‘ਤੇ ਨਾ ਥੁੱਕਣਾ ਅਤੇ ਗ਼ੈਰ ਜ਼ਰੂਰੀ ਸਫ਼ਰ ਤੋਂ ਗੁਰੇਜ਼ ‘ਤੇ ਅਮਲ ਕਰਨਾ ਚਾਹੀਦਾ ਹੈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੂਜਾ ਸਿਆਲ ਗਰੇਵਾਲ, ਸੰਯੁਕਤ ਕਮਿਸ਼ਨਰ ਨਗਰ ਨਿਗਮ ਸ੍ਰੀ ਲਾਲ ਵਿਸ਼ਵਾਸ਼, ਸ੍ਰੀ ਅਵਿਕੇਸ਼ ਕੁਮਾਰ, ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ ਅਤੇ ਮੁੱਖ ਸੈਨਟਰੀ ਇੰਸਪੈਕਟਰ ਸ. ਭੁਪਿੰਦਰ ਸਿੰਘ ਅਤੇ ਹੋਰ ਮੌਜੂਦ ਸਨ।