ਪਰਥ, 17 ਦਸੰਬਰ

ਭਾਰਤ ਤੇ ਆਸਟਰੇਲੀਆ ਵਿਚ ਖੇਡੇ ਜਾ ਰਹੇ ਦੂਜੇ ਟੈਸਟ ਦੇ ਤੀਜੇ ਦਿਨ ਐਤਵਾਰ ਨੂੰ ਭਾਰਤੀ ਟੀਮ ਪਹਿਲੀ ਪਾਰੀ ਵਿਚ 283 ਦੌੜਾਂ ਬਣਾ ਕੇ ਆਊਟ ਹੋ ਗਈ। ਪਹਿਲੀ ਪਾਰੀ ਦੇ ਵਿਚ ਭਾਰਤ 43 ਦੌੜਾਂ ਨਾਲ ਪਛੜ ਗਿਆ ਅਤੇ ਆਸਟਰੇਲੀਆ ਨੇ ਦੂਜੀ ਪਾਰੀ ਵਿਚ ਐਤਵਾਰ ਨੂੰ ਦਿਨ ਦੀ ਖੇਡ ਖਤਮ ਹੋਣ ਤੱਕ ਇਹ ਲੀਡ ਚਾਰ ਵਿਕਟਾਂ ਉੱਤੇ 132 ਦੌੜਾਂ ਬਣਾ ਕੇ 175 ਕਰ ਦਿੱਤੀ ਹੈ। ਇਸ ਤਰ੍ਹਾਂ ਆਸਟਰੇਲੀਆ ਦੀ ਟੀਮ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣਾ ਪੱਲੜਾ ਭਾਰੀ ਰੱਖਣ ਵਿਚ ਕਾਮਯਾਬ ਰਹੀ ਹੈ। ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ ਸੈਂਕੜਾ ਜੜ ਕੇ ਇਤਿਹਾਸ ਰਚ ਦਿੱਤਾ ਹੈ।
ਇਸ ਦੌਰਾਨ ਦੂਜੀ ਪਾਰੀ ਵਿਚ ਆਸਟਰੇਲੀਆ ਦਾ ਕੋਈ ਵੀ ਬੱਲੇਬਾਜ਼ ਹੁਣ ਤੱਕ ਵੱਡਾ ਸਕੋਰ ਬਣਾਉਣ ਵਿਚ ਕਾਮਯਾਬ ਨਹੀਂ ਹੋਇਆ ਪਰ ਮੇਜ਼ਬਾਨ ਟੀਮ ਉਸਮਾਨ ਖਵਾਜ਼ਾ (ਨਾਬਾਦ 41) ਦੀ ਅਗਵਾਈ ਵਿਚ ਪਰਥ ਦੇ ਨਵੇਂ ਸਟੇਡੀਅਮ ਦੀ ਮੁਸ਼ਕਿਲ ਪਿੱਚ ਉੱਤੇ ਆਪਣੀ ਕੁਲ ਲੀਡ ਨੂੰ 175 ਦੌੜਾ ਤੱਕ ਪਹੁੰਚਾਉਣ ਵਿਚ ਸਫਲ ਰਹੀ ਹੈ। ਦਿਨ ਦੀ ਖੇਡ ਖਤਮ ਹੋਣ ਤੱਕ ਕਪਤਾਨ ਟਿਮ ਪੇਨ ਅੱਠ ਦੌੜਾਂ ਬਣਾ ਕੇ ਖਵਾਜ਼ਾ ਦਾ ਸਾਥ ਨਿਭਾਅ ਰਹੇ ਸਨ। ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਆਰੋਨ ਫਿੰਚ 25 ਦੌੜਾਂ ਬਣਾਉਣ ਬਾਅਦ ਉਂਗਲੀ ਉੱਤੇ ਸੱਟ ਲੱਗਣ ਬਾਅਦ ਰਿਟਾਇਰ ਹੋਏ।
ਭਾਰਤ ਦੀ ਤਰਫੋਂ ਦੂਜੀ ਪਾਰੀ ਵਿਚ ਮੁਹੰਮਦ ਸ਼ਮੀ ਨੇ ਦੋ, ਇਸ਼ਾਂਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਨੇ ਇੱਕ ਇੱਕ ਵਿਕਟ ਝਟਕੀ ਹੈ। ਦੂਜੀ ਪਾਰੀ ਵਿਚ ਫਿੰਚ ਅਤੇ ਮਾਰਕਸ ਹੈਰਿਸ (20) ਦੀ ਮੇਜ਼ਬਾਨ ਸਲਾਮੀ ਜੋੜੀ ਨੂੰ ਕਾਫੀ ਪ੍ਰੇਸ਼ਾਨ ਕੀਤਾ। ਫਿੰਚ ਦੀ ਉਂਗਲ ਉਤੇ ਸੱਟ ਲੱਗਣ ਬਾਅਦ ਉਸ ਦੀ ਥਾਂ ਖ਼ਵਾਜ਼ਾ ਆਏ। ਹੈਰਿਸ, ਬੁਮਰਾਹ ਦੀ ਗੇਂਦ ਉੱਤੇ ਸਟੰਪ ਆਊਟ ਹੋ ਗਿਆ। ਸ਼ਾਨ ਮਾਰਸ਼ ਵੀ 5 ਦੌੜਾਂ ਬਣਾਉਣ ਬਾਅਦ ਵਿਕਟਕੀਪਰ ਰਿਸ਼ਵ ਪੰਤ ਨੂੰ ਕੈਚ ਦੇ ਬੈਠਾ। ਇਸ਼ਾਂਤ ਨੇ ਆਪਣੇ ਪਹਿਲੇ ਸਪੈੱਲ ਦੀ ਪਹਿਲੀ ਹੀ ਗੇਂਦ ਉੱਤੇ ਪੀਟਰ ਹੈਂਡਸਕੌਂਬ (13) ਨੂੰ ਟੰਗ ਅੜਿੱਕਾ ਆਊਟ ਕਰਕੇ ਸਕੋਰ ਤਿੰਨ ਵਿਕਟਾਂ ਉੱਤੇ 85 ਦੌੜਾਂ ਕਰ ਦਿੱਤਾ। ਟਰੈਵਿਸ ਹੈਡ ਅਤੇ ਖਵਾਜ਼ਾ ਨੇ ਇਸ ਤੋਂ ਬਾਅਦ ਪਾਰੀ ਨੂੰ ਸੰਭਾਲਿਆ। ਦੋਨਾਂ ਨੇ 30 ਓਵਰਾਂ ਵਿਚ ਟੀਮ ਦਾ ਸਕੋਰ 100 ਦੌੜਾਂ ਤੋਂ ਪਾਰ ਪਹੁੰਚਾਇਆ। ਕਿਸਮਤ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ। ਇਸ ਤੋਂ ਬਾਅਦ ਹੈਡ (19) ਸ਼ਮੀ ਦੀ ਗੇਂਦ ਉੱਤੇ ਇਸ਼ਾਂਤ ਨੂੰ ਕੈਚ ਦੇ ਬੈਠਾ।
ਇਸ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ (123) ਦੇ 25ਵੇਂ ਟੈਸਟ ਸੈਂਕੜੇ ਦੇ ਬਾਵਜੂਦ ਭਾਰਤੀ ਟੀਮ ਦਾ ਹੇਠਲਾ ਕ੍ਰਮ ਇੱਕ ਵਾਰ ਫਿਰ ਢਹਿ ਢੇਰੀ ਹੋ ਜਾਣ ਕਾਰਨ ਭਾਰਤ ਪਹਿਲੀ ਪਾਰੀ ਵਿਚ 283 ਦੌੜਾਂ ਹੀ ਬਣਾ ਸਕਿਆ। ਆਸਟਰੇਲੀਆ ਦੇ ਨਾਥਨ ਲਿਓਨ ਨੇ ਪੰਜ ਵਿਕਟਾਂ ਲਈਆਂ। ਉਸ ਨੇ ਟੈਸਟ ਕ੍ਰਿਕਟ ਵਿਚ 14ਵੀਂ ਵਾਰ ਪਾਰੀ ਵਿਚ ਪੰਜ ਜਾਂ ਇਸ ਤੋਂ ਵੱਧ ਵਿਕਟਾਂ ਹਾਸਲ ਕਰਨ ਦਾ ਰਿਕਾਰਡ ਬਣਾਇਆ ਹੈ। ਇਸ ਨਾਲ ਭਾਰਤ ਨੇ ਅੰਤਿਮ ਪੰਜ ਵਿਕਟ ਸਿਰਫ 32 ਦੌੜਾਂ ’ਚ ਹੀ ਗਵਾ ਦਿੱਤੇ ਸਨ। ਲੰਚ ਤੋਂ ਬਾਅਦ ਭਾਰਤੀ ਟੀਮ ਨੂੰ ਸਿਮਟਣ ਵਿਚ ਬਹੁਤੀ ਦੇਰ ਨਾ ਲੱਗੀ।