ਟੋਰਾਂਟੋ—ਪਨਾਮਾ ਪੇਪਰਜ਼ ਮਾਮਲੇ ਦੀ ਜਾਂਚ ਕਰ ਰਹੀ ਕੈਨੇਡਾ ਰੈਵੇਨਿਊ ਏਜੰਸੀ ਨੇ ਪੁਲਸ ਦੀ ਸਹਾਇਤਾ ਨਾਲ ਬੁੱਧਵਾਰ ਨੂੰ ਤਿੰਨ ਸੂਬੀਆਂ ‘ਚ ਛਾਪੇ ਮਾਰੇ। ਲਗਭਗ 30 ਅਧਿਕਾਰੀਆਂ ‘ਤੇ ਆਧਾਰਤ ਟੀਮਾਂ ਨੇ ਟੋਰਾਂਟੋ, ਕੈਲਗਰੀ ਅਤੇ ਵੈਸਟ ਵੈਨਕੂਵਰ ਦੇ ਕਾਰੋਬਾਰੀਆਂ ਨਾਲ ਸਬੰਧਤ ਟਿਕਾਣਿਆਂ ‘ਤੇ ਦਸਤਕ ਦਿੱਤੀ। ਇਹ ਪਹਿਲੀ ਵਾਰ ਹੈ ਜਦੋਂ ਕੈਨੇਡਾ ਰੈਵੇਨਿਊ ਏਜੰਸੀ ਨੇ ਅਪਾਰਧਕ ਮਾਮਲਿਆਂ ਦੀ ਪੜਤਾਲ ਨਾਲ ਸੰਬੰਧਤ ਵੇਰਵੇ ਜਨਤਕ ਕੀਤੇ ਹਨ। ਫਿਰ ਵੀ ਸੀ.ਆਰ.ਏ. ਨੇ ਉਨ੍ਹਾਂ ਕਾਰੋਬਾਰੀਆਂ ਜਾਂ ਟਿਕਾਣਿਆਂ ਦੀ ਪਛਾਣ ਜ਼ਾਹਰ ਕਰਨ ਤੋਂ ਇਨਕਾਰ ਕਰ ਦਿੱਤਾ ਜੋ ਛਾਪੇਮਾਰੀ ਦਾ ਕੇਂਦਰ ਰਹੇ। ਪਨਾਮਾ ਪੇਪਰਜ਼ ਉਹ ਦਸਤਾਵੇਜ਼ ਸਨ ਜੋ ਅਪ੍ਰੈਲ 2016 ‘ਚ ਦੁਨੀਆ ਦੇ ਮੀਡੀਆ ਅਦਾਰਿਆਂ ਦੇ ਕੰਸਟੋਰੀਅਮ ਵੱਲੋਂ ਜਨਤਕ ਕੀਤੇ ਗਏ। ਇਨ੍ਹਾਂ ‘ਚ ਕਾਲੇ ਧਨ ਨੂੰ ਛੁਪਾਉਣ ਜਾਂ ਟੈਕਸ ਚੋਰੀ ਕਰਨ ਵਾਲਿਆਂ ਦੇ ਨਾਂ ਸ਼ਾਮਲ ਸਨ ਅਤੇ ਕੈਨੇਡਾ ਦੇ ਕਈ ਕਾਰੋਬਾਰੀ ਇਸ ਦੇ ਘੇਰੇ ‘ਚ ਆ ਗਏ।
ਆਰਥਿਕ ਮਾਹਰਾਂ ਮੁਤਾਬਕ ਟੈਕਸ ਚੋਰੀ ਰਾਹੀਂ ਇਕੱਤਰ ਕੀਤੇ ਕਾਲੇ ਧਨ ਨੂੰ ਚਿੱਟੇ ਧਨ ‘ਚ ਤਬਦੀਲ ਕਰਨ ਅਤੇ ਫਿਰ ਉਸ ਪੈਸੇ ਦੇ ਨਿਵੇਸ਼ ਨਾਲ ਹੋਰ ਕਮਾਈ ਕਰਨ ਦੀ ਪ੍ਰਕਿਰਿਆ ‘ਤੇ ਪਨਾਮਾ ਪੇਪਰਜ਼ ‘ਚ ਚਾਨਣਾ ਪਾਇਆ ਗਿਆ। ਛੋਟ- ਛੋਟੇ ਕੈਰੇਬੀਅਨ ਦੇਸ਼ਾਂ ਦੇ ਨਾਲ ਪਨਾਮਾ ਦੱਖਣੀ ਅਮਰੀਕਾ ਦਾ ਇਕ ਤਟਵਰਤੀ ਦੇਸ਼ ਹੈ ਇਸ ‘ਚ ਇਕ ਲਾਅ ਫਰਮ ਮੋਸੇਕ ਫੌਨਸੈਕਾ ਸਥਿਤ ਹੈ, ਜਿਹੜੀ ਦੁਨੀਆ ਭਰ ਦੀਆਂ ਅਖਬਾਰਾਂ ਦੀਆਂ ਸੁਰਖੀਆਂ ‘ਚ ਰਹੀ। ਇਸ ਨੇ 11 ਮਿਲੀਅਨ ਤੋਂ ਵਧ ਦਸਤਾਵੇਜ਼ ਮੀਡੀਆ ਨੂੰ ਜਾਰੀ ਕੀਤੇ ਅਤੇ ਟੈਕਸ ਚੋਰੀ ਕਰਨ ਵਾਲੀਆਂ ਸੰਸਰ ਭਰ ਦੀਆਂ ਕਈ ਵੱਡੀਆਂ ਹਸਤੀਆਂ ਦੇ ਨਾਂ ਜਨਤਕ ਹੋ ਗਏ, ਜਿਸ ਬਾਰੇ ਵੱਖ-ਵੱਖ ਮੁਲਕਾਂ ‘ਚ ਜਾਂਚ ਚੱਲ ਰਹੀ ਹੈ। ਖੁਲਾਸਾ ਹੋਇਆ ਕਿ ਦੁਨੀਆ ਭਰ ਦੇ ਆਗੂ ਪ੍ਰਸਿੱਧੀ ਪ੍ਰਾਪਤ ਹਸਤੀਆਂ ਤੇ ਐਗਜ਼ੈਕਟਿਵ ਟੈਕਸਾਂ ਤੋਂ ਬਚਣ ਲਈ ਏਥੇ ਆਪਣੇ ਖਾਤੇ ਖੋਲ੍ਹਦੇ ਹਨ ਅਤੇ ਫਿਰ ਪਨਾਮਾ ਦੀ ਲਾਅ ਫਰਮ ਕਾਲੇ ਧਨ ਦੀ ਵਰਤੋਂ ਕਰਨ ਲਈ ਵਿੱਤੀ ਕਾਰਪੋਰੈਟੀ ਟਰਸਟ ਬਣਾ ਦਿੰਦੀ ਹੈ। ਇਹ ਟਰਸਟ ਫਿਰ ਅਗੇ ਦੁਨੀਆ ਭਰ ‘ਚ ਆਪਣੇ ਕਾਰੋਬਾਰ ਚਲਾਉਂਦੇ ਹਨ।