ਪਟਿਆਲਾ, 13 ਜੂਨ-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿ. ਦੇ ਸੂਬਾ ਪੱਧਰੀ ਦਫ਼ਤਰ ਪਟਿਆਲਾ ਮਾਲ ਰੋਡ ਤੇ ਸੰਯੁਕਤ ਕਿਸਾਨ ਮੋਰਚਾ (ਗੈਰਰਾਜਨੀਤਿਕ) ਦੀਆਂ 16 ਜਥੇਬੰਦੀਆਂ ਵੱਲੋਂ 21 ਮੰਗਾਂ ਨੂੰ ਲੈ ਕੇ ਲਗਾਇਆ ਜਾ ਰਿਹਾ ਲਗਾਤਾਰ ਧਰਨਾ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਚੁੱਕਣ ਵਿਚ ਪੂਰਾ ਜ਼ੋਰ ਲਗਾ ਦਿੱਤਾ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਮੇਤ ਕਿਸਾਨ ਆਗੂ ਅਤੇ ਹੋਰ ਕਿਸਾਨਾਂ ਨੂੰ ਰਾਤ ਤਿੰਨ ਵਜੇ ਤੋਂ ਬੱਸਾਂ ਵਿਚ ਲੈ ਜਾ ਕੇ ਵੱਖ ਵੱਖ ਥਾਣਿਆਂ ਵਿਚ ਰੱਖਿਆ ਗਿਆ ਹੈ। ਸਦਰ ਥਾਣੇ ਵਿਚ ਕਿਸਾਨਾਂ ਵੱਲੋਂ ਸਰਕਾਰ ਤੇ ਦੋਸ਼ ਲਗਾਏ ਹਨ ਕਿ ਸਾਨੂੰ ਤਿੰਨ ਵਜੇ ਤੋਂ ਪੁਲੀਸ ਨੇ ਥਾਣਿਆਂ ਵਿਚ ਡੱਕਿਆ ਹੈ ਪਰ ਸਾਨੂੰ ਚਾਹ ਤਾਂ ਦੂਰ ਦੀ ਗੱਲ ਪਾਣੀ ਤੱਕ ਨਹੀਂ ਪੁੱਛਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਦੋ ਵਜੇ ਤੋਂ ਹੀ ਵੱਡੀ ਗਿਣਤੀ ਵਿਚ ਪੰਜਾਬ ਪੁਲੀਸ ਨੂੰ ਮਾਲ ਰੋਡ ਤੇ ਤਾਇਨਾਤ ਕੀਤਾ ਜਾ ਚੁੱਕਿਆ ਸੀ। ਪੁਲੀਸ ਨੇ ਚਾਰ ਚੁਫੇਰੇ ਸੜਕਾਂ ਬੰਦ ਕਰਨ ਲਈ ਰੇਤਾ ਢੋਣ ਵਾਲੇ ਟਿੱਪਰ ਲਗਾ ਦਿੱਤੇ ਸਨ। ਪਹਿਲਾਂ ਪੁਲੀਸ ਨੇ ਸ਼ੇਰਾਂਵਾਲਾ ਗੇਟ ਵਾਲੇ ਪਾਸੇ ਡਾਕਖ਼ਾਨੇ ਕੋਲ ਬਿਜਲੀ ਨਿਗਮ ਦੇ ਦਫ਼ਤਰ ਅੰਦਰ ਜਾਂਦੇ ਗੇਟ ਨੂੰ ਬੰਦ ਕਰਕੇ ਬੈਠੇ ਕਿਸਾਨਾਂ ਨੂੰ ਉਠਾ ਕੇ ਰਾਊਂਡ ਅੱਪ ਕੀਤਾ, ਉਸ ਤੋਂ ਬਾਅਦ ਹੌਲੀ ਹੌਲੀ ਕਿਸਾਨਾਂ ਦੇ ਮੁੱਖ ਧਰਨੇ ਵੱਲ ਪੁਲੀਸ ਨੇ ਗਸ਼ਤ ਕਰਦਿਆਂ ਦੂਜੇ ਦੋ ਗੇਟ ਵੀ ਕਿਸਾਨਾਂ ਕੋਲੋਂ ਅਜ਼ਾਦ ਕਰਵਾ ਲਏ, ਫੇਰ ਧਰਨੇ ਅਤੇ ਮਰਨ ਵਰਤ ਤੇ ਬੈਠੇ ਕਿਸਾਨਾਂ ਨੂੰ ਬੱਸਾਂ ਵਿਚ ਬੈਠਾ ਕੇ ਪੁਲੀਸ ਉਨ੍ਹਾਂ ਨੂੰ ਵੱਖ ਵੱਖ ਥਾਣਿਆਂ ਵਿਚ ਲੈ ਗਈ। ਕਿਸਾਨਾਂ ਦਾ ਦੋਸ਼ ਹੈ ਕਿ ਉਨ੍ਹਾਂ ਨਾਲ ਭਗਵੰਤ ਮਾਨ ਸਰਕਾਰ ਨੇ ਜਾਬਰ ਜ਼ੁਲਮ ਵਾਲਾ ਰਵੱਈਆ ਅਖ਼ਤਿਆਰ ਕੀਤਾ ਹੈ। ਸਾਡੀ ਲੜਾਈ ਪੂਰੇ ਪੰਜਾਬ ਦੇ ਕਿਸਾਨਾਂ ਲਈ ਹੈ ਇਹ ਮੰਗਾਂ ਪੰਜਾਬ ਦੇ ਕਿਸਾਨਾਂ ਲਈ ਹਨ ਪਰ ਸਰਕਾਰ ਵਾਅਦਾ ਕਰਕੇ ਮੁੱਕਰ ਰਹੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਸ ਤਰ੍ਹਾਂ ਜਬਰ ਜ਼ੁਲਮ ਨਾਲ ਕਦੇ ਵੀ ਸੰਘਰਸ਼ ਦਬਾਏ ਨਹੀਂ ਜਾ ਸਕਦੇ, ਅਸੀਂ ਪੰਜਾਬ ਦੇ ਲੋਕਾਂ ਲਈ ਲੜਾਈ ਲੜ ਰਹੇ ਹਾਂ ਪਰ ਸਾਨੂੰ ਜ਼ਬਰਦਸਤੀ ਗੁੰਡਿਆਂ ਵਾਲ ਘੜੀਸ ਕੇ ਬੱਸਾਂ ਵਿਚ ਸੁੱਟਿਆ ਗਿਆ,ਕਿਸਾਨ ਬੀਬੀਆਂ ਦੀਆਂ ਚੁੰਨੀਆਂ ਉਤਾਰ ਦਿੱਤੀਆਂ ਤੇ ਕਿਸਾਨਾਂ ਦੀਆਂ ਪੱਗਾਂ ਉਤਾਰ ਦਿੱਤੀਆਂ ਗਈਆਂ, ਇਹ ਬਰਦਾਸਤ ਤੋਂ ਬਾਹਰ ਹੈ।