ਪਟਿਆਲਾ, 24 ਮਈ
ਇੱਥੋਂ ਦੇ ਸ਼ਾਹੀ ਘਰਾਣੇ ਨਾਲ਼ ਸਬੰਧਿਤ ਪ੍ਰਨੀਤ ਕੌਰ ਦੀ ਜਿੱਤ ਨੂੰ ਲੈ ਕੇ ਲੋਕ ਢੋਲ ਦੇ ਡਗੇ ’ਤੇ ਭੰਗੜੇ ਪਾਉਂਦੇ ਹੋਏ ਮੋਤੀ ਮਹਿਲ ਆ ਪੁੱਜੇ ਅਤੇ ਜਿੱਤ ਦੀ ਖੁਸ਼ੀ ਮਨਾਈ। ਪਿਛਲੀ ਹਾਰ ਤੋਂ ਬਾਅਦ ਤੇ ਫੇਰ ਵੱਡੀ ਲੀਡ ਨਾਲ਼ ਮਿਲੀ ਇਸ ਜਿੱਤ ਦੀ ਮਹਿਲ ਸਮਰਥਕਾਂ ਵਿੱਚ ਦੋਹਰੀ ਖੁਸ਼ੀ ਸੀ। ਇਥੇ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਸੀ। ਮਠਿਆਈਆਂ ਵੰਡੀਆਂ ਜਾ ਰਹੀਆਂ ਸਨ। ਸ਼ਹਿਰ ਵਿਚ ਵੀ ਕਾਂਗਰਸ ਸਮਰਥਕ ਭੰਗੜੇ ਪਾਉਣ ਸਮੇਤ ਪਟਾਕੇ ਤੇ ਆਤਿਸ਼ਬਾਜ਼ੀ ਚਲਾ ਰਹੇ ਸਨ। ਉਹ ਥਾਂ-ਥਾਂ ਲੱਡੂ ਵੰਡ ਰਹੇ ਸਨ। ਲੋਕ ਪ੍ਰਨੀਤ ਕੌਰ ਨਾਲ ਸੈਲਫੀ ਖਿਚਾ ਕੇ ਤੁਰੰਤ ਹੀ ਸੋਸ਼ਲ ਮੀਡੀਆ ’ਤੇ ਪਾ ਰਹੇ ਸਨ। ਸੂਬੇ ਦੇ ਰਾਜਸੀ ਖੇਤਰ ’ਚ ਅਹਿਮ ਸਥਾਨ ਰੱਖਦੇ ਸ਼ਾਹੀ ਘਰਾਣੇ ਦੇ ਇਸ ਮਹਿਲ ਨੂੰ ਜਿੱਤ ਦੇ ਇਹ ਰੰਗ ਐਤਕੀਂ ਪੰਦਰ੍ਹਵੀਂ ਵਾਰ ਚੜ੍ਹੇ ਹਨ। ਸ਼ਾਹੀ ਪਰਿਵਾਰ ਹੁਣ ਤੱਕ 22 ਚੋਣਾਂ ਲੜ ਕੇ 15 ਵਾਰ ਜਿੱਤਾਂ ਦਰਜ ਕਰ ਚੁੱਕਾ ਹੈ। ਇਨ੍ਹਾਂ ਵਿੱਚ ਲੋਕ ਸਭਾ ਦੀਆਂ 12 ਵਿੱਚੋਂ 7 ਅਤੇ ਵਿਧਾਨ ਸਭਾ ਦੀਆਂ 10 ਵਿੱਚੋਂ 8 ਜਿੱਤਾਂ ਸ਼ਾਮਲ ਹਨ। ਲੋਕ ਸਭਾ ਚੋਣਾਂ ਵਿੱਚ ਜੇਤੂ ਸ਼ੁਰੂਆਤ 1967 ’ਚ ਮਹਾਰਾਣੀ ਮਹਿੰਦਰ ਕੌਰ ਨਾਲ਼ ਹੋਈ, ਜਦੋਂ ਉਹ ਐਮਪੀ ਬਣੇ। ਉਂਜ 1972 ਵਿੱਚ ਉਹ ਹਾਰ ਗਏ ਸਨ। 1980 ਤੇ 2014 ਵਿਚ ਕੈਪਟਨ ਅਮਰਿੰਦਰ ਸਿੰਘ ਵੀ ਪਟਿਆਲਾ ਤੇ ਅੰਮ੍ਰਿਤਸਰ ਦੇ ਐਮਪੀ ਬਣੇ। ਪਹਿਲਾਂ 1977 ਅਤੇ 1998 ਵਿੱਚ ਹਾਰ ਵੀ ਵੇਖੀ। ਪ੍ਰਨੀਤ ਕੌਰ ਨੇ 1999, 2004, 2009 ਅਤੇ 2019 ਵਿੱਚ ਲੋਕ ਸਭਾ ਚੋਣਾਂ ’ਚ ਜਿੱਤ ਦਰਜ ਕੀਤੀ ਤੇ 2014 ਵਿੱਚ ਹਾਰ ਦਾ ਸਾਹਮਣਾ ਵੀ ਕੀਤਾ। ਪਰਿਵਾਰ ਦੇ ਫਰਜ਼ੰਦ ਰਣਇੰਦਰ ਸਿੰਘ ਟਿੱਕੂ ਵੀ 2009 ਵਿੱਚ ਬਠਿੰਡਾ ਤੋਂ ਲੋਕ ਸਭਾ ਚੋਣ ਹਾਰ ਗਏ ਸਨ। ਇਸ ਦੌਰਾਨ ਪ੍ਰਨੀਤ ਕੌਰ ਇੱਕ ਵਾਰ ਵਿਦੇਸ਼ ਰਾਜ ਮੰਤਰੀ ਵੀ ਰਹੇ। ਇਸੇ ਤਰ੍ਹਾਂ ਸ਼ਾਹੀ ਪਰਿਵਾਰ ਨੇ ਵਿਧਾਨ ਸਭਾ ਦੀਆਂ 8 ਚੋਣਾਂ ਵੀ ਜਿੱਤੀਆਂ ਹਨ। ਕੈਪਟਨ ਅਮਰਿੰਦਰ ਸਿੰਘ 1985, 1992, 2002, 2007, 2012 ਅਤੇ 2017 ਅਤੇ ਪ੍ਰਨੀਤ ਕੌਰ 2014 ਵਿੱਚ (ਜ਼ਿਮਨੀ ਚੋਣ) ਵਿਧਾਇਕ ਬਣੇ। ਇਸ ਦੌਰਾਨ ਕੈਪਟਨ ਦੂਜੀ ਵਾਰ ਮੁੱਖ ਮੰਤਰੀ ਵੀ ਬਣੇ। ਪਹਿਲਾਂ 1967 ’ਚ ਮਹਾਰਾਜਾ ਯਾਦਵਿੰਦਰ ਸਿੰਘ ਵੀ ਡਕਾਲਾ ਦੇ ਵਿਧਾਇਕ ਰਹੇ। ਉਂਜ 1970 ’ਚ ਕੈਪਟਨ ਤੇ 2012 ਵਿਚ ਟਿੱਕੂ ਵਿਧਾਨ ਸਭਾ ਚੋਣ ਵੀ ਹਾਰ ਗਏ ਸਨ। ਇਸੇ ਦੌਰਾਨ ਮੋਤੀ ਮਹਿਲ ਪੁੱਜਣ ਵਾਲ਼ਿਆਂ ਵਿਚ ਪ੍ਰਿਤਪਾਲ ਸਿੰਘ ਬਿਸ਼ਨਪੁਰਾ, ਮੇਅਰ ਸੰਜੀਵ ਬਿੱਟੂ, ਯੋਗਿੰਦਰ ਯੋਗੀ, ਧਰਮ ਸਿੰਘ ਪਹਾੜਪੁਰ, ਅਵਤਾਰ ਬਠੋਈ, ਦਵਿੰਦਰਜੀਤ ਦਰਸ਼ੀ, ਲਾਲਜੀਤ ਲਾਲੀ, ਜਸਵਿੰਦਰ ਜੁਲਕਾ, ਸੰਤੋਖ ਸਿੰਘ ਜਸਵਿੰਦਰ ਰੰਧਾਵਾ, ਕਾਕਾ ਸੇਖੋਂ ਸ਼ਾਮਲ ਸਨ।