ਪਟਿਆਲਾ, 5 ਨਵੰਬਰ

ਪਾਵਰਕੌਮ ਵਿੱਚ ਨੌਕਰੀ ਕਰਦਿਆਂ ਜਾਨ ਗੁਆਉਣ ਵਾਲੇ ਆਪਣੇ ਪਰਿਵਾਰਕ ਮੈਂਬਰਾਂ ਦੇ ਬਦਲੇ ਨੌਕਰੀਆਂ ਦੀ ਮੰਗ ਲਈ ਦੋ ਮਹੀਨੇ ਤੋਂ ਉਨ੍ਹਾਂ ਦੇ ਵਾਰਸ ਇਥੇ ਪਾਵਰਕੌਮ ਦੇ ਹੈੱਡਕੁੁਆਰਟਰ ’ਤੇ ਪੱਕਾ ਧਰਨਾ ਲਾ ਕੇ ਸੰਘਰਸ਼ ਕਰ ਰਹੇ ਹਨ। ਇਸੇ ਦੌਰਾਨ ਅੱਜ ਬਹੁ-ਮੰਜ਼ਲੀ ਇਮਾਰਤ ਦੇ ਸਿਖਰ ’ਤੇ ਧਰਨਾ ਲਾਈ ਬੈਠੇ ਵਾਰਸ ਨੇ ਦੀਵਾਲੀ ਵਾਲੇ ਦਿਨ ਆਪਣੇ ’ਤੇ ਤੇਲ ਛਿੜਕ ਕੇ ਆਤਮਦਾਹ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਨਾਲ ਦੇ ਸਾਥੀਆਂ ਨੇ ਕੰਬਲ ਅਤੇ ਹੋਰ ਕੱਪੜੇ ਪਾ ਕੇ ਅੱਗ ਬੁਝਾ ਦਿੱਤੀ ਗਈ। ਸੇਕ ਲੱਗਣ ਕਾਰਨ ਇਹ ਵਾਰਸ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਭਾਵੇਂ ਕਿ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਵੀ ਪਹੁੰਚ ਗਈ ਪਰ ਕਿਉਂਕਿ ਇਸ ਇਮਾਰਤ ਦੇ ਹੇਠਾਂ ਵੀ ਮ੍ਰਿਤਕਾਂ ਦੇ ਵਾਰਸ ਪੱਕੇ ਤੌਰ ‘ਤੇ ਧਰਨਾ ਲਾ ਕੇ ਬੈਠੇ ਹਨ, ਜਿਸ ਕਾਰਨ ਉਨ੍ਹਾਂ ਨੇ ਪੁਲੀਸ ਨੂੰ ਉੱਪਰ ਹੀ ਨਾ ਚੜ੍ਹਨ ਦਿੱਤਾ।  ਛੱਤ ‘ਤੇ ਧਰਨਾ ਲਾ ਕੇ ਬੈਠੇ ਵਾਰਸਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲੀਸ ਨੇ ਉਪਰ ਆਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸਾਰੇ ਆਤਮਦਾਹ ਕਰ ਲੈਣਗੇ, ਜਿਸ ਕਾਰਨ ਬੇਵੱਸ ਹੋਈ ਪਲੀਸ ਛੱਤ ਦੇ ਉੱਪਰ ਨਾ ਜਾ ਸਕੀ। ਅਖੀਰ ਪੁਲੀਸ ਨੇ ਇਨ੍ਹਾਂ ਦੇ ਹੀ ਦੋ ਸਾਥੀਆਂ ਨੂੰ ਉੱਪਰ ਭੇਜ ਕੇ ਸਥਿਤੀ ਦਾ ਜਾਇਜ਼ਾ ਲਿਆ।