ਪਟਿਆਲਾ, 17 ਅਕਤੂਬਰ: ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਜਿੱਥੇ ਸਮੁੱਚੇ ਪੰਜਾਬ ਦੇ ਸਾਰੇ ਸ਼ਹਿਰਾਂ ਤੇ ਪਿੰਡਾਂ ਦੇ ਇਕਸਾਰ ਵਿਕਾਸ ਨੂੰ ਆਪਣੀ ਮੁੱਢਲੀ ਤਰਜ਼ੀਹ ਬਣਾਇਆ ਹੈ, ਉਥੇ ਹੀ ਪਟਿਆਲਾ ਸ਼ਹਿਰ ਦੇ ਚਹੁੰਪੱਖੀ ਵਿਕਾਸ ਲਈ ਵੀ ਆਪਣੀ ਵਚਨਬੱਧਤਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਬਹੁਤ ਜਲਦੀ ਪੀਣ ਲਈ ਨਹਿਰੀ ਪਾਣੀ ਉਪਲਬਧ ਕਰਵਾਇਆ ਜਾ ਰਿਹਾ ਹੈ, ਇਸ ਪ੍ਰਾਜੈਕਟ ‘ਤੇ ਸਾਰਾ ਖ਼ਰਚਾ ਵੀ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ।
ਸ੍ਰੀਮਤੀ ਪਰਨੀਤ ਕੌਰ ਅੱਜ ਸ਼ਾਮ ਇੱਥੇ ਮਥੁਰਾ ਕਲੋਨੀ ਦੇ ਕਪੂਰ ਚੌਂਕ ਵਿਖੇ ਵਾਰਡ ਨੰਬਰ 30, 31 ਤੇ 32 ਦੀਆਂ ਅੱਧੀ ਦਰਜਨ ਤੋਂ ਵਧੇਰੇ ਕਲੋਨੀਆਂ ਦੇ 15 ਹਜ਼ਾਰ ਤੋਂ ਵਧ ਵਸਨੀਕਾਂ ਦੀ ਸਹੂਲਤ ਲਈ ਨਗਰ ਨਿਗਮ ਵੱਲੋਂ ਸ਼ੁਰੂ ਕੀਤੇ ਗਏ 1 ਕਰੋੜ ਰੁਪਏ ਦੀ ਲਾਗਤ ਵਾਲੇ 1.5 ਕਿਲੋਮੀਟਰ ਲੰਮੇ ਨਵੇਂ ਸੀਵਰੇਜ ਪ੍ਰਾਜੈਕਟ ਦੀ ਸ਼ੁਰੂਆਤ ਕਰਵਾਉਣ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਆ ਰਹੇ ਤਿਉਹਾਰਾਂ ਖਾਸ ਕਰਕੇ ਦਿਵਾਲੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਪ੍ਰਾਜੈਕਟ ਇਲਾਕਾ ਨਿਵਾਸੀਆਂ ਲਈ ਦਿਵਾਲੀ ਦਾ ਤੋਹਫ਼ਾ ਹੈ।
2ਲੋਕ ਸਭਾ ਮੈਂਬਰ ਦੇ ਨਾਲ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।
ਇਸ ਮੌਕੇ ਲੋਕ ਸਭਾ ਮੈਂਬਰ ਨੇ ਦੱਸਿਆ ਕਿ ਇਸ ਸੀਵਰੇਜ ਪ੍ਰਾਜੈਕਟ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਇਹ ਮੰਗ ਪੂਰੀ ਹੋਣ ਨਾਲ ਮਥੁਰਾ ਕਲੋਨੀ, ਨਿਊ ਮਥੁਰਾ ਕਲੋਨੀ, ਜਗਦੀਸ਼ ਕਲੋਨੀ, ਨਿਊ ਜਗਦੀਸ਼ ਕਲੋਨੀ, ਰੋਜ਼ ਕਲੋਨੀ, ਪੂਰਨ ਨਗਰ ਤੇ ਬੜਾ ਅਰਾਈਮਾਜਰਾ ਦੇ ਵਸਨੀਕਾਂ ਨੂੰ ਲਾਭ ਪੁੱਜੇਗਾ ਅਤੇ ਇਹ ਪ੍ਰਾਜੈਕਟ ਤਿੰਨ ਮਹੀਨਿਆਂ ‘ਚ ਪੂਰਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੀ ਸਰਕਾਰ ਸਮੇਂ ਅਣਗੌਲਿਆ ਰਿਹਾ ਪਟਿਆਲਾ ਹੁਣ ਵਿਕਾਸ ਦੀਆਂ ਲੀਹਾਂ ‘ਤੇ ਹੈ ਅਤੇ ਸ਼ਹਿਰ ਸਮੇਤ ਪੂਰੇ ਜ਼ਿਲ੍ਹਾ ਪਟਿਆਲਾ ‘ਚ ਬਿਨ੍ਹਾਂ ਭੇਦਭਾਵ ਦੇ ਵਿਕਾਸ ਕਾਰਜ ਜੋਰਾਂ ‘ਤੇ ਹਨ।
ਸ੍ਰੀਮਤੀ ਪਰਨੀਤ ਕੌਰ ਨੇ ਪਟਿਆਲਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ-ਪਹਿਲਾਂ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਦੀ ਅਪੀਲ ਕਰਦਿਆਂ ਇਸ ਮੁਹਿੰਮ ‘ਚ ਆਪਣ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਊਨ੍ਹਾਂ ਕਿਹਾ ਕਿ ਪਲਾਸਟਿਕ ਦੇ ਲਿਫ਼ਾਫੇ ਜਿੱਥੇ ਸੀਵਰੇਜ ਨੂੰ ਜਾਮ ਕਰਦੇ ਹਨ, ਉਥੇ ਹੀ ਇਹ ਬਿਮਾਰੀਆਂ ਪੈਦਾ ਕਰਨ ਸਮੇਤ ਸਾਡਾ ਵਾਤਾਵਰਣ ਵੀ ਪਲੀਤ ਕਰਦੇ ਹਨ।
ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਸ਼ਹਿਰ ‘ਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਵੱਲੋਂ ਨਿਜੀ ਦਿਲਚਸਪੀ ਲੈ ਕੇ ਸਮੁੱਚੇ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ, ਇਸ ਲਈ ਕੋਈ ਵੀ ਵਿਕਾਸ ਕਾਰਜ ਬਾਕੀ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਪਿਛਲੀ ਕੈਪਟਨ ਸਰਕਾਰ ਸਮੇਂ 85 ਕਲੋਨੀਆਂ ਨਿਯਮਤ ਕੀਤੀਆਂ ਸਨ ਤੇ ਹੁਣ ਬਾਕੀ ਰਹਿੰਦੇ ਕੰਮ ਕਰਵਾਏ ਜਾ ਰਹੇ ਹਨ।
ਇਸ ਮੌਕੇ ਕੌਂਸਲਰ ਸ੍ਰੀਮਤੀ ਰੇਖਾ ਅਗਰਵਾਲ, ਹਰੀਸ਼ ਅਗਰਵਾਲ, ਜਸਪਾਲ ਕੌਰ ਸਹਿਗਲ, ਸ੍ਰੀ ਬੰਟੀ ਸਹਿਗਲ, ਹਰੀਸ਼ ਗਿੰਨੀ ਨਾਗਪਾਲ ਨੇ ਧੰਨਵਾਦ ਕੀਤਾ। ਸਮਾਗਮ ਮੌਕੇ ਸ੍ਰੀ ਸੰਦੀਪ ਮਲਹੋਤਰਾ, ਵਿਨੋਦ ਅਰੋੜਾ ਕਾਲੂ, ਡਾ. ਨਰ ਬਹਾਦਰ ਵਰਮਾ, ਦਰਸ਼ਨ ਸਿੰਘ ਰਾਮਗੜ੍ਹੀਆ, ਪ੍ਰਵੀਨ ਸੋਖਲ, ਹਰਿੰਦਰ ਰੂਪ ਸਿੰਘ, ਨਗਰ ਨਿਗਮ ਦੇ ਐਸ.ਈ. ਸ੍ਰੀ ਐਮ.ਐਮ. ਸਿਆਲ, ਐਕਸੀਐਨ ਸ੍ਰੀ ਸੁਰੇਸ਼ ਕੁਮਾਰ, ਡੀ.ਐਸ.ਪੀ. ਸ੍ਰੀ ਯੋਗੇਸ਼ ਸ਼ਰਮਾ ਅਤੇ ਸਥਾਨਕ ਵਾਸੀ ਵੱਡੀ ਗਿਣਤੀ ‘ਚ ਮੌਜੂਦ ਸਨ।