ਪਟਿਆਲਾ: ਪੰਜਾਬ ਦੇ ਸਕੂਲਾਂ ਨੂੰ ਇਕ ਵਾਰ ਫਿਰ ਬੰਬ ਦੀ ਧਮਕੀ ਮਿਲੀ ਹੈ। ਅੰਮ੍ਰਿਤਸਰ ਅਤੇ ਜਲੰਧਰ ਤੋਂ ਬਾਅਦ ਅੱਜ ਪਟਿਆਲਾ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਸਕੂਲ ਪ੍ਰਬੰਧਨ ਨੂੰ ਇੱਕ ਈਮੇਲ ਰਾਹੀਂ ਇਹ ਧਮਕੀ ਭੇਜੀ ਗਈ ਹੈ। ਇਸ ਧਮਕੀ ਭਰੇ ਈ.ਮੇਲ ਵਿਚ ਦੁਪਹਿਰ 1:00 ਵਜੇ ਤੋਂ 9:00 ਵਜੇ ਤੋਂ ਦੇ ਵਿਚਕਾਰ ਬੰਬ ਧਮਾਕਾ ਕਰਨ ਦੀ ਧਮਕੀ ਦਿੱਤੀ ਗਈ ਹੈ।

ਸਕੂਲਾਂ ਨੂੰ ਈਮੇਲ ਮਿਲਣ ‘ਤੇ ਸਕੂਲ ਪ੍ਰਬੰਧਨ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਲਰਟ ਹੋ ਗਈ । ਸਕੂਲਾਂ ਅਤੇ ਆਸ ਪਾਸ ਦੇ ਇਲਾਕਿਆਂ ‘ਚ ਸੁਰੱਖਿਆ ਤੁਰੰਤ ਵਧਾ ਦਿੱਤੀ ਗਈ। ਬੰਬ ਜਾਂਚ ਕਰਨ ਲਈ ਸਕੂਲਾਂ ਵਿੱਚ ਟੀਮਾਂ ਨੂੰ ਬੁਲਾਇਆ ਗਿਆ ਹੈ। ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਵੱਲੋਂ ਸਕੂਲ ਦੇ ਸਾਰੇ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਆਪਕਾਂ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਜਾਂਚ ਟੀਮਾਂ ਸਾਰੇ ਸਕੂਲਾਂ ਦਾ ਮੁਆਇਨਾ ਕਰ ਰਹੀਆਂ ਹਨ।

ਇਸ ਮਾਮਲੇ ‘ਚ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਨ੍ਹਾਂ ਨੇ ਕਿਹਾ ਹੈ ਕਿ ਸਕੂਲਾਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ। ਪੁਲਿਸ ਟੀਮਾਂ ਵੱਲੋਂ ਮਾਮਲੇ ਦੀ ਜਾਂਚ ਕਰਨ ਦੇ ਨਾਲ- ਨਾਲ ਸਕੂਲਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ।

ਇਸ ਤੋਂ ਪਹਿਲਾਂ, ਅੰਮ੍ਰਿਤਸਰ ਅਤੇ ਜਲੰਧਰ ਦੇ ਪ੍ਰਮੁੱਖ ਸਕੂਲਾਂ ਨੂੰ ਵੀ ਬੀਤੇ ਦਿਨੀ ਧਮਕੀ ਭਰੇ ਈਮੇਲ ਮਿਲੇ ਸਨ। ਸਕੂਲ ਪ੍ਰਬੰਧਨ ਨੂੰ ਧਮਕੀ ਭਰੀਆਂ ਈ-ਮੇਲ ਮਿਲਣ ਤੋਂ ਬਾਅਦ ਸਕੂਲਾਂ ਚ ਛੁੱਟੀ ਕਰ ਦਿੱਤੀ ਗਈ ਸੀ। ਹਾਲਾਂਕਿ, ਜਾਂਚ ਵਿੱਚ ਧਮਕੀਆਂ ਦੇ ਪਿੱਛੇ ਮੌਜੂਦ ਵਿਅਕਤੀ ਦੀ ਪਛਾਣ ਦਾ ਖੁਲਾਸਾ ਨਹੀਂ ਹੋਇਆ।