ਪਟਿਆਲਾ, 4 ਜਨਵਰੀ
ਕਾਂਗਰਸੀ ਆਗੂ ਅਤੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਅੱਜ ਪਟਿਆਲਾ ਜੇਲ੍ਹ ’ਚ ਬੰਦ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਮੁਲਾਕਾਤ ਕੀਤੀ, ਪਰ ਉਨ੍ਹਾਂ ਕਾਂਗਰਸ ਦੇ ਸੂਬਾ ਪ੍ਰਧਾਨ ਦੀ ਤਰ੍ਹਾਂ ਹੀ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਤੋਂ ਗੁਰੇਜ਼ ਕੀਤਾ। ਇਸ ਤੋਂ ਪਹਿਲਾਂ ਆਸ਼ੂ ਨਾਲ ਕੀਤੀ ਮੁਲਾਕਾਤ ਵੇਲੇ ਵੀ ਰਵਨੀਤ ਬਿੱਟੂ ਨੇ ਨਵਜੋਤ ਸਿੱਧੂ ਤੋਂ ਦੂਰੀ ਬਣਾ ਕੇ ਰੱਖੀ ਸੀ। ਜ਼ਿਕਰਯੋਗ ਹੈ ਕਿ ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਭਾਰਤ ਭੂਸ਼ਣ ਆਸ਼ੂ ਪੰਜ ਮਹੀਨਿਆਂ ਤੋਂ ਪਟਿਆਲਾ ਜੇਲ੍ਹ ’ਚ ਬੰਦ ਹਨ। ਇੱਥੇ ਸਾਬਕਾ ਖੁਰਾਕ ਮੰਤਰੀ ਨਾਲ ਮੁਲਾਕਾਤ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੇ ਆਸ਼ੂ ਦੇ ਪੀਏ ’ਤੇ ਪੁਲੀਸ ਹਿਰਾਸਤ ’ਚ ਭਾਰੀ ਅਣਮਨੁੱਖੀ ਤਸ਼ੱਦਦ ਦੇ ਦੋਸ਼ ਲਾਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬਦਲੇ ਵਾਲੀ ਕਾਰਵਾਈ ਨਾ ਰੋਕੀ ਤਾਂ 11 ਜਨਵਰੀ ਨੂੰ ਪੰਜਾਬ ਆ ਰਹੀ ‘ਭਾਰਤ ਜੋੜੋ ਯਾਤਰਾ’ ਦਾ ਮੂੰਹ ਵਿਜੀਲੈਂਸ ਵੱਲ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ’ਤੇ ਲਾਏ ਜਾ ਰਹੇ ਦੋਸ਼ਾਂ ਨੂੰ ਵੀ ਬੇਬੁਨਿਆਦ ਆਖਿਆ। ਉਨ੍ਹਾਂ ਆਖਿਆ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਮੁੱਖ ਮੰਤਰੀ ਵੱਲੋਂ ਆਮ ਲੋਕਾਂ ਨੂੰ ਚਾਹ ਪਿਲਾਉਣ ਤੇ ਖਾਣਾ ਖਵਾਉਣ ’ਤੇ ਖਰਚ ਕਰਨ ਦੀ ਕਾਰਵਾਈ ‘ਆਪ’ ਸਰਕਾਰ ਤੋਂ ਬਰਦਾਸ਼ਤ ਨਹੀਂ ਹੋ ਰਹੀ। ਉਨ੍ਹਾਂ ਚੰਨੀ ’ਤੇ ਹੀ ਤਨਜ਼ ਕੱਸਦਿਆਂ ਕਿਹਾ ਕਿ ਚੰਨੀ ਕੋਲ ਤਾਂ ਲੋਕਾਂ ਲਈ ਸਿਰਫ਼ ਤਿੰਨ ਮਹੀਨੇ ਦਾ ਹੀ ਸਮਾਂ ਸੀ ਅਤੇ ਉਹ ਇਸ ਦੌਰਾਨ ਵੀ ਜ਼ਿਆਦਾਤਰ ਹੈਲੀਕਾਪਟਰ ’ਤੇ ਹੀ ਰਹੇ। ਲੋਕ ਸਭਾ ਮੈਂਬਰ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਦਾ ਕੰਟਰੋਲ ਤਾਂ ਦਿੱਲੀ ਕੋਲ ਹੈ। ਉਨ੍ਹਾਂ ‘ਆਪ’ ਦੀ ਲੀਡਰਸ਼ਿਪ ’ਤੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਲਈ ਪੰਜਾਬ ਵਿਚੋਂ ਧੰਨ ਇਕੱਠਾ ਕਰਨ ਦੇ ਇਲਜ਼ਾਮ ਵੀ ਲਾਏ। ਇਸੇ ਦੌਰਾਨ ਬਿੱਟੂ ਨੇ ਨੋਟਬੰਦੀ ਨੂੰ ਕੇਂਦਰੀ ਹਕੁੂਮਤ ਦਾ ਮੰਦਭਾਗਾ ਫੈਸਲਾ ਕਰਾਰ ਦਿੱਤਾ।