ਪਟਿਆਲਾ, ਪਟਿਆਲਾ ਨਗਰ ਨਿਗਮ ਦੀ ਚੋਣ ਦੌਰਾਨ ਸੱਤਾਧਿਰ ਕਾਂਗਰਸ ਵੱਲੋਂ ਕਥਿਤ ਤੌਰ ’ਤੇ ਜਬਰੀ ਬੂਥਾਂ ’ਤੇ ਕਬਜ਼ੇ ਕਰਨ, ਧੱਕੇਸ਼ਾਹੀ ਤੇ ਧਾਂਦਲੀਆਂ ਕਰਨ ਦੇ ਵਿਰੋਧ ਵਿੱਚ ਅਕਾਲੀ-ਭਾਜਪਾ ਲੀਡਰਸ਼ਿਪ ਨੇ ਅੱਜ ਦੁਪਹਿਰ ਬਾਅਦ ਚੋਣਾਂ ਦਾ ਬਾਈਕਾਟ ਕਰਨ ਦਾ ਫ਼ੈਸਲਾ ਲੈ ਕੇ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਨਿਊ ਮੋਤੀ ਮਹਿਲ’ ਅੱਗੇ ਰੋਸ ਧਰਨਾ ਦਿੱਤਾ। ਸਵਾ ਘੰਟਾ ਚੱਲੇ ਇਸ ਧਰਨੇ ਮਗਰੋਂ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ, ਵੱਡੀ ਗਿਣਤੀ ਵਰਕਰਾਂ ਤੇ ਉਮੀਦਵਾਰਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਅਤੇ ਚੋਣਾਂ ਰੱਦ ਕਰਕੇ ਨਿਰਪੱਖ ਢੰਗ ਨਾਲ ਨਵੇਂ ਸਿਰਿਉਂ ਕਰਵਾਉਣ ਲਈ ਮੰਗ ਪੱਤਰ ਵੀ ਸੌਂਪਿਆ।
ਪਟਿਆਲਾ ਨਿਗਮ ਦੀ ਅੱਜ ਚੌਥੀ ਆਮ ਚੋਣ ਦੌਰਾਨ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨੇ ਦੋਸ਼ ਲਾਏ ਹਨ ਕਿ ਸੱਤਾਧਿਰ ਨੇ ਸਮੁੱਚੇ ਚੋਣ ਅਮਲ ਨੂੰ ਪੂਰੀ ਤਰ੍ਹਾਂ ਹਾਈਜੈਕ ਕਰ ਲਿਆ ਸੀ ਤੇ ਪੁਲੀਸ ਤੰਤਰ ਵੱਲੋਂ ਵੀ ਪੀੜਤ ਧਿਰ ਨੂੰ ਇਨਸਾਫ਼ ਦੇਣ ਦੀ ਬਜਾਏ ਸੱਤਾਧਿਰ ਦਾ ਹੀ ਪੱਖ ਪੂਰਿਆ ਜਾਂਦਾ ਰਿਹਾ। ਇਸ ਦੇ ਰੋਸ ਵਜੋਂ ਅਕਾਲੀ-ਭਾਜਪਾ ਗੱਠਜੋੜ ਵੱਲੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਮੁੱਖ ਮੰਤਰੀ ਦੇ ਮਹਿਲਾਂ ਅੱਗੇ ਵਾਈ.ਪੀ.ਐਸ. ਚੌਕ ਵਿੱਚ ਰੋਸ ਧਰਨਾ ਵਿੱਢ ਦਿੱਤਾ ਗਿਆ। ਇਸ ਦੌਰਾਨ ਪ੍ਰੋ. ਚੰਦੂਮਾਜਰਾ ਅਤੇ ਸ੍ਰੀ ਰੱਖੜਾ ਨੇ ਐਲਾਨ ਕੀਤਾ ਕਿ ਕਾਂਗਰਸੀਆਂ ਦੀ ਧੱਕੇਸ਼ਾਹੀ ਤੇ ਗੁੰਡਾਗਰਦੀ ਦੇ ਰੋਸ ਵਜੋਂ ਗੱਠਜੋੜ ਵੱਲੋਂ ਚੋਣਾਂ ਦਾ ਬਾਈਕਾਟ ਕਰ ਦਿੱਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਲੋਕਤੰਤਰ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਸਵਾ ਘੰਟੇ ਦੇ ਕਰੀਬ ਇੱਥੇ ਧਰਨਾ ਦੇਣ ਮਗਰੋਂ ਸਾਰੇ ਮੁਜ਼ਾਹਰਾਕਾਰੀ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੁੱਜੇ। ਮਿੰਨੀ ਸਕੱਤਰੇਤ ਅੱਗੇ ਧਰਨੇ ਦੌਰਾਨ ਡੀਸੀ ਨੂੰ ਮੰਗ ਪੱਤਰ ਦੇ ਕੇ ਸ਼ਿਕਾਇਤ ਕੀਤੀ ਗਈ ਕਿ ਕਾਂਗਰਸੀ ਉਮੀਦਵਾਰਾਂ ਨੇ ਸਰਕਾਰੀ ਸ਼ਹਿ ’ਤੇ ਗੱਠਜੋੜ ਦੇ ਉਮੀਦਵਾਰਾਂ ਦੇ ਪੋਲਿੰਗ ਏਜੰਟਾਂ ਦੀ ਕੁੱਟਮਾਰ ਕਰਕੇ ਜਬਰੀ ਪੋਲਿੰਗ ਸਟੇਸ਼ਨਾਂ ਤੋਂ ਬਾਹਰ ਕੱਢਕੇ ਪਿੱਛੋਂ ਆਪਣੇ ਹਿੱਤ ਲਈ ਵੋਟਾਂ ਦਾ ਇਸਤੇਮਾਲ ਕੀਤਾ ਹੈ। ਬੂਥਾਂ ’ਤੇ ਸੱਤਾਧਿਰ ਨੇ ਜਬਰੀ ਕਬਜ਼ੇ ਜਮਾ ਲਏ ਹਨ। ਮੰਗ ਪੱਤਰ ਵਿੱਚ ਇਹ ਵੀ ਸ਼ਿਕਾਇਤ ਕੀਤੀ ਕਿ ਔਰਤਾਂ ਤੇ ਬਜ਼ੁਰਗਾਂ ਦੀ ਵੀ ਕੁੱਟਮਾਰ ਕੀਤੀ ਗਈ ਹੈ। ਅਦਾਲਤੀ ਹੁਕਮਾਂ ਦੇ ਬਾਵਜੂਦ ਪੋਲਿੰਗ ਸਟੇਸ਼ਨਾਂ ਦੀ ਵੀਡੀਓਗ੍ਰਾਫ਼ੀ ਨਹੀਂ ਹੋਣ ਦਿੱਤੀ ਗਈ। ਉਲਟਾ ਪੁਲੀਸ ਨੇ ਗੱਠਜੋੜ ਧਿਰ ਖ਼ਿਲਾਫ਼ ਹੀ ਪਰਚੇ ਦਰਜ ਕਰ ਲਏ ਹਨ। ਇਹ ਮੰਗ ਕੀਤੀ ਗਈ ਕਿ ਇਸ ਚੋਣ ਨੂੰ ਰੱਦ ਕਰਕੇ ਨਵੇਂ ਸਿਰਿਉਂ ਸਹੀ ਲੋਕਤੰਤਰ ਪ੍ਰਣਾਲੀ ਤਹਿਤ ਨਿਰਪੱਖ ਢੰਗ ਨਾਲ ਕਰਵਾਇਆ ਜਾਵੇ।
ਪ੍ਰੋ. ਚੰਦੂਮਾਜਰਾ ਨੇ ਐਲਾਨ ਕੀਤਾ ਕਿ ਅੱਜ ਦੀਆਂ ਚੋਣਾਂ ਦੀ ਵਧੀਕੀ ਸਬੰਧੀ ਫਤਹਿਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਮੌਕੇ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਤਿੱਖੇ ਰੋਸ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ, ਜਿਸ ਵਿੱਚ ‘ਨਿਊ ਮੋਤੀ ਮਹਿਲ’ ਦੇ ਲਗਾਤਾਰ ਘਿਰਾਓ ਕਰਨ ਦਾ ਪ੍ਰੋਗਰਾਮ ਵੀ ਸ਼ਾਮਲ ਹੋਵੇਗਾ। ਅਜਿਹੇ ਰੋਸ ਦੌਰਾਨ ਮੁੱਖ ਮੰਤਰੀ ਨੂੰ ਮਹਿਲ ਅੰਦਰ ਦਾਖ਼ਲ ਹੋਣ ਲਈਂ ਦਿੱਤਾ ਜਾਵੇਗਾ। ਇਸ ਧਰਨੇ ਵਿੱਚ ਸਾਬਕਾ ਮੇਅਰ ਅਮਰਿੰਦਰ ਸਿੰਘ, ਵਿਧਾਇਕ ਹਰਿੰਪਾਲਪਾਲ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜੀ, ਸਤਵਿੰਦਰ ਸਿੰਘ ਟੌਹੜਾ, ਸੁਰਜੀਤ ਸਿੰਘ ਅਬਲੋਵਾਲ, ਹਰਵਿੰਦਰ ਸਿੰਘ ਹਰਪਾਪੁਰ, ਅਜੀਤਪਾਲ ਸਿੰਘ ਕੋਹਲੀ, ਚਰਨਜੀਤ ਸਿੰਘ ਰੱਖੜਾ, ਸਤਬੀਰ ਸਿੰਘ ਖੱਟੜਾ, ਹਰਪਾਲ ਜੁਨੇਜਾ, ਨਰਦੇਵ ਸਿੰਘ ਆਕੜੀ, ਹਰਪਾਲ ਸਿੰਘ ਤੇਜਾ, ਇੰਦਰਮੋਹਨ ਸਿੰਘ ਬਜਾਜ, ਕਬੀਰ ਦਾਸ ਸਮੇਤ ਗੱਠਜੋੜ ਦੇ ਹੋਰ ਆਗੂ ਤੇ ਵੱਡੀ ਗਿਣਤੀ ਉਮੀਦਵਾਰ ਤੇ ਪੋਲਿੰਗ ਏਜੰਟ ਸ਼ਾਮਲ ਸਨ।