ਫ਼ਿਰੋਜ਼ਪੁਰ: ਇੱਥੇ ਮੱਲਾਂਵਾਲਾ ਰੋਡ ’ਤੇ ਸ਼ਹਿਰ ਨਾਲ ਲੱਗਦੇ ਮੜ੍ਹੀਆਂ ਵਾਲੇ ਖੂਹ ’ਤੇ ਅੱਜ ਇੱਕ ਨੌਜਵਾਨ ਨੇ ਕੁਹਾੜੀ ਮਾਰ ਕੇ ਆਪਣੇ ਤਾਏ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਨਿਰੰਜਣ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਪੁੱਤਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਪਿਤਾ ਖੇਤ ਗੇੜਾ ਮਾਰਨ ਗਿਆ ਸੀ, ਜਦੋਂ ਉਸ ਦੇ ਚਾਚੇ ਦਾ ਪੁੱਤਰ ਨਰਿੰਦਰ ਤੇ ਚਾਚੀ ਵੀ ਉਥੇ ਪੁੱਜ ਗਏ ਤੇ ਵੱਟ ਤੋਂ ਪਾਣੀ ਸਿੰਮ ਕੇ ਖੇਤ ਵਿੱਚ ਦਾਖ਼ਲ ਹੋਣ ਦੀ ਗੱਲ ਆਖ ਕੇ ਉਸ ਦੇ ਪਿਤਾ ਨਾਲ ਬਦਸਲੂਕੀ ਕਰਨ ਲੱਗੇ। ਬਹਿਸ ਦੌਰਾਨ ਨਰਿੰਦਰ ਨੇ ਗੁੱਸੇ ਵਿੱਚ ਆ ਕੇ ਉਸ ਦੇ ਪਿਤਾ ਦੇ ਸਿਰ ਵਿੱਚ ਕੁਹਾੜੀ ਮਾਰ ਦਿੱਤੀ, ਜਿਸ ਕਰਕੇ ਉਸ ਦੇ ਪਿਤਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਦੋਵੇਂ ਮਾਂ-ਪੁੱਤ ਮੌਕੇ ਤੋਂ ਫਰਾਰ ਹੋ ਗਏ। ਨਿਰੰਜਣ ਸਿੰਘ ਦੇ ਪਰਿਵਾਰ ਵੱਲੋਂ ਇਸ ਹਮਲੇ ਪਿੱਛੇ ਨਰਿੰਦਰ ਦੇ ਜੀਜਾ ਦਿਲਬਾਗ ਸਿੰਘ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ। ਥਾਣਾ ਸਿਟੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।