ਮੁੰਬਈ, 19 ਫਰਵਰੀ
ਗਾਇਕਾ ਨੇਹਾ ਕੱਕੜ ‘ਇੰਡੀਅਨ ਆਇਡਲ 12’ ਦੇ ਆਉਣ ਵਾਲੇ ਭਾਗ ਵਿੱਚ ਉੱਘੇ ਗੀਤਕਾਰ ਸੰਤੋਸ਼ ਆਨੰਦ ਨੂੰ ਆਰਥਿਕ ਮਦਦ ਵਜੋਂ 5 ਲੱਖ ਰੁਪਏ ਦਿੰਦੀ ਦਿਖਾਈ ਦੇਵੇਗੀ। ਆਨੰਦ ਨੇ ਮੰਚ ’ਤੇ ਆਪਣੀ ਮਾੜੀ ਆਰਥਿਕ ਹਾਲਤ ਅਤੇ ਕਰਜ਼ਿਆਂ ਬਾਰੇ ਜਾਣਕਾਰੀ ਦਿੱਤੀ, ਜਿਸ ਮਗਰੋਂ ਨੇਹਾ ਨੇ ਮਦਦ ਦਾ ਹੱਥ ਵਧਾਉਂਦਿਆਂ ਉਨ੍ਹਾਂ ਨੂੰ ਇਹ ਰਾਸ਼ੀ ਦਿੱਤੀ। ਨੇਹਾ ਕੱਕੜ ‘ਇੰਡੀਅਨ ਆਇਡਲ 12’ ਦੀ ਜੱਜ ਹੈ ਤੇ ਇਸ ਸ਼ੋਅ ਵਿੱਚ ਸੰਤੋਸ਼ ਆਨੰਦ, ਸੰਗੀਤਕਾਰ ਪਿਆਰੇਲਾਲ ਨਾਲ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਣਗੇ। ਸੰਗੀਤਕਾਰ ਜੋੜੀ ਲਕਸ਼ਮੀਕਾਂਤ-ਪਿਆਰੇਲਾਲ ਨੇ ਫਿਲਮਾਂ ‘ਪ੍ਰੇਮ ਰੋਗ’, ‘ਰੋਟੀ ਕੱਪੜਾ ਔਰ ਮਕਾਨ’ ਤੇ ‘ਸ਼ੋਰ’ ਵਿੱਚ ਸੰਤੋਸ਼ ਆਨੰਦ ਨਾਲ ਕੰਮ ਕੀਤਾ ਸੀ। ਸ਼ੋਅ ਦੌਰਾਨ ਸੰਤੋਸ਼ ਆਨੰਦ ਦੀ ਮਾੜੀ ਆਰਥਿਕ ਹਾਲਤ ਬਾਰੇ ਸੁਣ ਕੇ ਭਾਵੁਕ ਹੋਈ ਨੇਹਾ ਨੇ ਕਿਹਾ, ‘ਮੈਂ ਥੋੜ੍ਹੀ ਜਿਹੀ ਮਦਦ ਵਜੋਂ ਤੁਹਾਨੂੰ 5 ਲੱਖ ਰੁਪਏ ਦੇਣਾ ਚਾਹੁੰਦੀ ਹਾਂ ਤੇ ਭਾਰਤੀ ਮਨੋਰੰਜਨ ਸਨਅਤ ਨੂੰ ਅਪੀਲ ਕਰਦੀ ਹਾਂ ਕਿ ਉਹ ਸੰਤੋਸ਼ ਜੀ ਨੂੰ ਕੰਮ ਦੇਣ, ਜੋ ਕਿ ਇਸ ਸਨਅਤ ਦਾ ਮਹੱਤਵਪੂਰਨ ਹਿੱਸਾ ਹਨ। ਔਖੇ ਸਮੇਂ ਵਿੱਚ ਆਪਣੇ ਸਾਥੀਆਂ ਦੀ ਮਦਦ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ।’ ਇਸੇ ਦੌਰਾਨ ਸ਼ੋਅ ਦੇ ਦੂਜੇ ਜੱਜ ਵਿਸ਼ਾਲ ਡਡਲਾਨੀ ਨੇ ਸੰਤੋਸ਼ ਆਨੰਦ ਨੂੰ ਆਪਣੇ ਕੁਝ ਗੀਤ ਸਾਂਝੇ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਗੀਤ ਰਿਲੀਜ਼ ਕਰਨਗੇ। ਸ਼ੋਅ ਦੌਰਾਨ ਨੇਹਾ ਕੱਕੜ ਨੇ ਆਨੰਦ ਦਾ ਗੀਤ ‘ਏਕ ਪਿਆਰ ਕਾ ਨਗ਼ਮਾ ਹੈ’ ਵੀ ਗਾਇਆ, ਜੋ ਉਨ੍ਹਾਂ ਨੇ 1972 ਵਿੱਚ ਮਨੋਜ ਕੁਮਾਰ ਦੀ ਫਿਲਮ ‘ਸ਼ੋਰ’ ਲਈ ਲਿਖਿਆ ਸੀ। ਲਕਸ਼ਮੀਕਾਂਤ-ਪਿਆਰੇਲਾਲ ਨੇ ਇਸ ਗੀਤ ਨੂੰ ਲਤਾ ਮੰਗੇਸ਼ਕਰ ਤੇ ਮੁਕੇਸ਼ ਦੀਆਂ ਆਵਾਜ਼ਾਂ ’ਚ ਰਿਕਾਰਡ ਕੀਤਾ ਸੀ।