ਕਾਠਮੰਡੂ, 29 ਜੂਨ

ਨੇਪਾਲ ਨੇ ਕਾਠਮੰਡੂ ਘਾਟੀ ਵਿੱਚ ਹੈਜ਼ੇ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੌਮੀ ਰਾਜਧਾਨੀ ਵਿੱਚ ਅੱਜ ਸਟ੍ਰੀਟ ਫੂਡ ਆਈਟਮਾਂ ਦੀ ਵਿਕਰੀ ’ਤੇ ਪਾਬੰਦੀ ਲਾ ਦਿੱਤੀ ਹੈ। ਸ਼ਹਿਰ ਵਿੱਚ ਐਤਵਾਰ ਤੋਂ ਹੁਣ ਤੱਕ ਹੈਜ਼ੇ ਦੇ 12 ਕੇਸ ਆ ਚੁੱਕੇ ਸਨ, ਜਿਸ ਮਗਰੋਂ ਕਾਠਮੰਡੂ ਮੈਟਰੋਪੋਲੀਟਨ ਸਿਟੀ (ਕੇਐੱਮਸੀ) ਨੇ ਸਟ੍ਰੀਟ ਫੂਡ ਆਈਟਮਾਂ ਦੀ ਵਿਕਰੀ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਲਿਆ ਹੈ। ਮੈਟਰੋ ਸ਼ਹਿਰ ਦੇ ਸਿਹਤ ਵਿਭਾਗ ਦੇ ਮੁਖੀ ਬਲਰਾਮ ਤ੍ਰਿਪਾਠੀ ਨੇ ਕਿਹਾ, ‘‘ਕਾਠਮੰਡੂ ਵਿੱਚ ਹੈਜ਼ੇ ਦੇ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਖਾਣ-ਪੀਣ ਦੀਆਂ ਵਸਤਾਂ ਦੀ ਵਿਕਰੀ ਅਤੇ ਇਨ੍ਹਾਂ ਨੂੰ ਵੰਡਣ ’ਤੇ ਪਾਬੰਦੀ ਲਾਈ ਗਈ ਹੈ।’’ ਕੇਐੱਮਸੀ ਨੇ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ। ਪਿਛਲੇ ਹਫ਼ਤੇ ਲਲਿਤਪੁਰ ਮੈਟਰੋਪੋਲੀਟਨ ਸਿਟੀ ਨੇ ਮੈਟਰੋ ਸ਼ਹਿਰ ਵਿੱਚ ਗੋਲ-ਗੱਪਿਆਂ ਦੀ ਵਿਕਰੀ ’ਤੇ ਪਾਬੰਦੀ ਲਾ ਦਿੱਤੀ ਸੀ। ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਗੋਲ-ਗੱਪਿਆਂ ਲਈ ਵਰਤੇ ਜਾਂਦੇ ਪਾਣੀ ਵਿੱਚ ਹੈਜ਼ਾ ਫੈਲਾਉਣ ਵਾਲਾ ਬੈਕਟੀਰੀਆ ਮਿਲਿਆ ਸੀ।