ਯੇਰੂਸ਼ਲਮ, 25 ਜੁਲਾਈ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਪੇਸਮੇਕਰ ਲਗਾਉਣ ਦੇ ਅਪਰੇਸ਼ਨ ਮਗਰੋਂ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਨੂੰ ਨਿਆਂਇਕ ਸੁਧਾਰ ਸਬੰਧੀ ਵਿਵਾਦਤ ਬਿੱਲ ਨੂੰ ਲੈ ਕੇ ਸੰਸਦ ਵਿੱਚ ਅਹਿਮ ਵੋਟਿੰਗ ਤੋਂ ਪਹਿਲਾਂ ਡਿਸਚਾਰਜ ਕੀਤਾ ਗਿਆ ਹੈ। ਪੇਸਮੇਕਰ ਲਗਾਉਣ ਦੇ ਅਪਰੇਸ਼ਨ ਤੋਂ ਇੱਕ ਹਫ਼ਤਾ ਪਹਿਲਾਂ ਨੇਤਨਯਾਹੂ (73) ਨੂੰ ਸਰੀਰ ਵਿੱਚ ਪਾਣੀ ਦੀ ਘਾਟ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਸ ਦੌਰਾਨ ਉਸ ਦੇ ਸਰੀਰ ਵਿੱਚ ਦਿਲ ਦੀ ਧੜਕਣ ’ਤੇ ਨਜ਼ਰ ਰੱਖਣ ਵਾਲਾ ਇੱਕ ਉਪਕਰਨ ਲਗਾਇਆ ਗਿਆ ਸੀ। ਪੇਸਮਕੇਰ ਅਜਿਹਾ ਉਪਕਰਨ ਹੈ, ਜੋ ਦਿਲ ਦੇ ਧੜਕਣ ਵਿੱਚ ਮਦਦ ਕਰਦਾ ਹੈ।
ਨੇਤਨਯਾਹੂ ਦਾ ਪੇਸਮੇਕਰ ਲਗਾਉਣ ਦਾ ਅਪਰੇਸ਼ਨ ਐਤਵਾਰ ਸਵੇਰੇ ਰਾਮਤ ਗਨ ਸਥਿਤ ਸ਼ੇਬਾ ਮੈਡੀਕਲ ਕੇਂਦਰ ਵਿੱਚ ਹੋਇਆ। ਪੇਸਮੇਕਰ ਲਗਾਉਣ ਵਾਲੇ ਡਾਕਟਰਾਂ ਨੇ ਬਾਅਦ ਵਿੱਚ ਖੁਲਾਸਾ ਕੀਤਾ ਕਿ ਨੇਤਨਯਾਹੂ ਨੂੰ ਦਿਲ ਦੀ ਧੜਕਨ ਰੁਕਣ ਦੀ ਅਸਥਾਈ ਸਮੱਸਿਆ ਸੀ, ਜੋ ਜਾਨਲੇਵਾ ਹੋ ਸਕਦੀ ਸੀ।
ਡਾਕਟਰਾਂ ਨੇ ਇਹ ਵੀ ਮੰਨਿਆ ਕਿ ਜਦੋਂ ਉਨ੍ਹਾਂ ਨੂੰ ਪਿਛਲੇ ਹਫ਼ਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਤਾਂ ਇਲੈਕਟ੍ਰੋਡਾਇਓਗ੍ਰਾਮ ਟੈਸਟ ਵਿੱਚ ਕੁੱਝ ਬੇਨਿਯਮੀਆਂ ਨਜ਼ਰ ਆਈਆਂ ਸਨ, ਪਰ ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਸੀ ਕਿ ਪ੍ਰਧਾਨ ਮੰਤਰੀ ਨੇਤਨਯਾਹੂ ਪੂਰੀ ਤਰ੍ਹਾਂ ਠੀਕ ਹਨ।