ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਨੂਹ ਹਿੰਸਾ ਨੂੰ ‘ਦੁਖਦਾਈ’ ਕਰਾਰ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਤੇ ਸਦਭਾਵਨਾ ਬਣਾ ਕੇ ਰੱਖਣ। ਉਨ੍ਹਾਂ ਕਿਹਾ ਕਿ ਸ਼ਾਜ਼ਿਸ਼ਕਾਰਾਂ ਦੀ ਪਛਾਣ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕੇਂਦਰ ਤੋਂ ਸੂਬੇ ’ਚ ਚਾਰ ਹੋਰ ਨੀਮ ਫੌਜੀ ਬਲਾਂ ਦੀਆਂ ਕੰਪਨੀਆਂ ਭੇਜਣ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਦੀ ਸੁਰੱਖਿਆ ‘ਸਾਡੀ ਜ਼ਿੰਮੇਵਾਰੀ’ ਹੈ। ਉਨ੍ਹਾਂ ਕਿਹਾ ਕਿ ਨੂਹ ਵਿੱਚ ਦੋ ਧਿਰਾਂ ਵਿਚਾਲੇ ਹੋਈਆਂ ਝੜਪਾਂ ਮਗਰੋਂ ਇੱਕਾ ਦੁੱਕਾ ਥਾਵਾਂ ’ਤੋਂ ਹਿੰਸਾ ਦੀਆਂ ਖ਼ਬਰਾਂ ਆਈਆਂ ਸਨ, ਪਰ ਹੁਣ ਸਥਿਤੀ ਕੰਟਰੋਲ ਵਿੱਚ ਹੈ ਤੇ ਹਾਲਾਤ ਆਮ ਵਾਂਗ ਹੋਣ ਲੱਗੇ ਹਨ। ਹਿੰਸਾ ਦੇ ਜ਼ਖ਼ਮੀਆਂ ਨੂੰ ਨੂਹ ਦੇ ਨਲਹਾਰ ਤੇ ਗੁਰੂਗ੍ਰਾਮ ਦੇ ਵੇਦਾਂਤਾ ਸਣੇ ਵੱਖ ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 116 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂਕਿ ਹੋਰਨਾਂ ਮੁਲਜ਼ਮਾਂ ਦੀ ਭਾਲ ਲਈ ਛਾਪੇ ਜਾਰੀ ਹਨ। ਉਧਰ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਅੰਬਾਲਾ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਨੂਹ ਨੂੰ ਅੱਠ ਸੈਕਟਰਾਂ ਵਿੱਚ ਵੰਡ ਕੇ ਇਕ ਇਕ ਆਈਪੀਐੱਸ ਅਧਿਕਾਰੀ ਦੀ ਉਥੇ ਡਿਊਟੀ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਕਈ ਸੋਸ਼ਲ ਮੀਡੀਆ ਪੋਸਟਾਂ ਖੰਗਾਲਣ ਮਗਰੋਂ 41 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਕੁਝ ਕੇਸ ਰੇਵਾੜੀ ਤੇ ਗੁਰੂਗ੍ਰਾਮ ਵਿੱਚ ਦਰਜ ਹੋਏ ਹਨ। ਵੀਐੱਚਪੀ ਕਾਰਕੁਨਾਂ ਵੱਲੋਂ ਕੌਮੀ ਰਾਜਧਾਨੀ ਵਿੱਚ ਕੀਤੇ ਜਾ ਰਹੇ ਰੋਸ ਮੁਜ਼ਾਹਰਿਆਂ ਬਾਰੇ ਪੁੱਛਣ ’ਤੇ ਗ੍ਰਹਿ ਮੰਤਰੀ ਨੇ ਕਿਹਾ, ‘‘ਹਰੇਕ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ। ਤੁਹਾਨੂੰ ਪਤਾ ਹੈ ਕਿ ਹਰੇਕ ਐਕਸ਼ਨ ਦਾ ਰਿਐਕਸ਼ਨ ਹੁੰਦਾ ਹੈ ਤੇ ਇਹ ਕੁਦਰਤ ਦਾ ਨੇਮ ਹੈ। ਪਰ ਅਸੀਂ ਸਾਰਿਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਰੋਸ ਮੁਜ਼ਾਹਰੇ ਸ਼ਾਂਤਮਈ ਤਰੀਕੇ ਨਾਲ ਕੀਤੇ ਜਾਣ।’’ ਉਨ੍ਹਾਂ ਕਿਹਾ, ‘‘ਇਕ ਗੱਲ ਤਾਂ ਸਾਫ਼ ਹੈ ਕਿ ਕਿਸੇ ਨੇ ਤਾਂ ਨੂਹ ਘਟਨਾ ਦੀ ਵਿਉਂਤਬੰਦੀ ਕੀਤੀ। ਇਹ ਕੋਈ ਸੁਭਾਵਿਕ ਹਮਲਾ ਨਹੀਂ ਸੀ ਕਿਉਂਕਿ (ਬ੍ਰਿਜ ਮੰਡਲ ਜਲਾਭਿਸ਼ੇਕ) ਹਰ ਸਾਲ ਹੁੰਦਾ ਹੈ। ਕਿਸੇ ਨੇ ਲੋਕ ਇਕੱਤਰ ਕੀਤੇ, ਵੱਖ ਵੱਖ ਰਣਨੀਤਕ ਥਾਵਾਂ ’ਤੇ ਪੱਥਰ ਇਕੱਠੇ ਕੀਤੇ ਗਏ, ਗੋਲੀਆਂ ਚਲਾਈਆਂ ਗਈਆਂ, ਹਥਿਆਰਾਂ ਦਾ ਇਸਤੇਮਾਲ ਹੋਇਆ।’’ ਉਧਰ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਧਾਰਮਿਕ ਯਾਤਰਾ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਅਨੁਮਾਨਿਤ ਗਿਣਤੀ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਗਾਊਂ ਨਹੀਂ ਦੱਸ ਸਕੀ, ਤੇ ਇਹ ਉਕਾਈ ਹਿੰਸਾ ਦੀ ਵਜ੍ਹਾ ਹੋ ਸਕਦੀ ਹੈ। ਗੁਆਂਂਢੀ ਸੂਬੇ ਵਿਚ ਫਿਰਕੂ ਹਿੰਸਾ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੇ ਹਰਿਆਣਾ ਨਾਲ ਲੱਗਦੇ ਤਿੰਨ ਜ਼ਿਲ੍ਹਿਆਂ ਸਹਾਰਨਪੁਰ, ਸ਼ਾਮਲੀ ਤੇ ਮੁਜ਼ੱਫਰਨਗਰ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।