ਮੁੰਬਈ, 29 ਜੁਲਾਈ
ਨੈਸ਼ਨਲ ਐਵਾਰਡ ਜੇਤੂ ਅਦਾਕਾਰ ਮਨੋਜ ਬਾਜਪਾਈ ਆਪਣੀ ਅਗਲੀ ਫਿਲਮ ‘ਡਾਇਲ 100’ ਵਿੱਚ ਅਦਾਕਾਰਾ ਨੀਨਾ ਗੁਪਤਾ ਅਤੇ ਸਾਕਸ਼ੀ ਤੰਵਰ ਨਾਲ ਕੰਮ ਕਰ ਰਹੇ ਹਨ। ਬਾਜਪਾਈ ਨੇ ਨੀਨਾ ਨਾਲ ਕੰਮ ਦੇ ਤਜਰਬੇ ਬਾਰੇ ਗੱਲ ਕਰਦਿਆਂ ਕਿਹਾ, ‘‘ਨੀਨਾ ਗੁਪਤਾ ਸਾਡੀ ਸੀਨੀਅਰ ਅਦਾਕਾਰਾ ਹੈ ਅਤੇ ਹਰ ਭੂਮਿਕਾ ਜੋ ਉਹ ਨਿਭਾਉਂਦੀ ਹੈ, ਉਸ ਵਿੱਚ ਆਪਣੇ-ਆਪ ਨੂੰ ਝੋਕ ਦਿੰਦੀ ਹੈ। ਉਹ ਇਸ ਨੂੰ ਧੁਰ ਅੰਦਰੋਂ ਨਿਭਾਉਂਦੀ ਹੈ, ਜੋ ਕਿ ਮਾੜੀ ਗੱਲ ਨਹੀਂ ਹੈ। ਇਹ ਸਭ ਉਸ ਦੀ ਆਪਣੀ ਉਮਰ ਦੇ ਤਜਰਬੇ ’ਚੋਂ ਆ ਰਿਹਾ ਹੈ ਅਤੇ ਇਹ ਉਸ ਨੂੰ ਹੋਰ ਪਿਆਰਾ ਅਤੇ ਪ੍ਰਭਾਵਸ਼ਾਲੀ ਬਣਾਉਂਦਾ ਹੈ।’’ ਸਾਕਸ਼ੀ ਬਾਰੇ ਗੱਲ ਕਰਦਿਆਂ ਬਾਜਪਾਈ ਨੇ ਕਿਹਾ, ‘‘ਸਾਕਸ਼ੀ ਤੰਵਰ ਨੂੰ ਮੈਂ ਕਈ ਸਾਲਾਂ ਤੋਂ ਜਾਣਦਾ ਹਾਂ, ਜਦੋਂ ਉਹ ਕਾਲਜ ਵਿੱਚ ਸੀ ਅਤੇ ਮੈਂ ਥੀਏਟਰ ਵਿੱਚ ਥੋੜ੍ਹਾ ਵੱਧ ਤਜਰਬੇਕਾਰ ਸੀ। ਮੈਂ ਉਸ ਨਾਲ ਇੱਕ ਨਾਟਕ ਖੇਡਿਆ, ਜਿਸ ਵਿੱਚ ਉਸ ਨੇ ਮੁੱਖ ਭੂਮਿਕਾ ਨਿਭਾਈ ਅਤੇ ਮੈਂ ਨਿਰਦੇਸ਼ਕ ਸੀ। ਮੈਂ ਉਸ ਨੂੰ ਉਦੋਂ ਤੋਂ ਜਾਣਦਾ ਹਾਂ।’’ ਫਿਲਮ ‘ਡਾਇਲ 100’ ਦਾ ਨਿਰਦੇਸ਼ਨ ਰੈਨਸਿਲ ਡੀ ਸਿਲਵਾ ਨੇ ਕੀਤਾ ਹੈ, ਜਿਸ ਨਾਲ ਮਨੋਜ ਪਹਿਲਾ ਫਿਲਮ ‘ਏਕੇਐੱਸ’ ਵਿੱਚ ਕੰਮ ਕਰ ਚੁੱਕੇ ਹਨ। ਮਨੋਜ ਨੇ ਕਿਹਾ, ‘‘ਰੇਨਸਿਲ ਨੇ ਫਿਲਮ ‘ਏਕੇਐੱਸ’ ਲਿਖੀ, ਜੋ ਮੇਰੇ ਦਿਲ ਦੇ ਬੇਹੱਦ ਨੇੜੇ ਹੈ ਅਤੇ ਜਿਸ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ।’’ ਅਦਾਕਾਰ ਨੇ ਕਿਹਾ ਕਿ ਉਹ ਰੈਨਸਿਲ ਦੇ ਨਿਰਦੇਸ਼ਨ ਹੇਠ ਕੰਮ ਕਰ ਕੇ ਬੇਹੱਦ ਖੁਸ਼ ਹੈ। ਇਹ ਫਿਲਮ 6 ਅਗਸਤ ਨੂੰ ਜ਼ੀ5 ’ਤੇ ਰਿਲੀਜ਼ ਹੋਵੇਗੀ।