ਮੁੰਬਈ:ਅਦਾਕਾਰਾ ਨੇ ਹਾਲ ਹੀ ਵਿੱਚ ਡੇਟਿੰਗ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਉਸ ਲਈ ਸੱਭ ਤੋਂ ਵਧੀਆ ਮੁਲਾਕਾਤ ਉਹ ਹੁੰਦੀ ਹੈ, ਜਿਸ ਵਿੱਚ ਉਹ ਆਪਣੀ ਮਰਜ਼ੀ ਮੁਤਾਬਕ ਕੁਝ ਵੀ ਖਾ ਜਾਂ ਪੀ ਸਕਦੀ ਹੈ। ਨੀਨਾ ਨੇ ਕਿਹਾ, ‘ਕੋਈ ਮੈਨੂੰ ਕਿਸੇ ਖੂਬਸੂਰਤ ਜਗ੍ਹਾ ’ਤੇ ਕੈਂਡਲ ਲਾਈਟ ਡਿਨਰ ਲਈ ਲੈ ਕੇ ਜਾਵੇ ਤੇ ਅਸੀਂ ਬਹੁਤ ਸਾਰੀਆਂ ਗੱਲਾਂ ਕਰੀਏ। ਮੈਂ ਉਹ ਸਭ ਕੁਝ ਮੰਗਵਾ ਸਕਾਂ ਜੋ ਮੈਂ ਖਾਣਾ ਜਾਂ ਪੀਣਾ ਚਾਹੁੰਦੀ ਹੋਵਾਂ। ਇਹੀ ਮੇਰੇ ਲਈ ਸਭ ਤੋਂ ਵਧੀਆ ਮੁਲਾਕਾਤ ਹੋਵੇਗੀ।’ ਅਦਾਕਾਰਾ ਨੇ ਪੀੜ੍ਹੀ-ਪਾੜੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਦੋਵੇਂ ਧਿਰਾਂ ਵੱਲੋਂ ਗੱਲਬਾਤ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਨੀਨਾ ਨੇ ਕਿਹਾ, ‘ਅੱਜਕਲ ਦੇ ਮਾਤਾ-ਪਿਤਾ ਦੀ ਪਰਵਰਿਸ਼ ਇੱਕ ਨਿਸ਼ਚਿਤ ਢੰਗ ਨਾਲ ਹੋਈ ਹੈ ਤੇ ਉਨ੍ਹਾਂ ਦੀ ਮਾਨਸਿਕਤਾ ਨੂੰ ਬਦਲ ਸਕਣਾ ਕੋਈ ਸੁਖਾਲਾ ਕੰਮ ਨਹੀਂ ਹੈ। ਪਰ ਮੈਨੂੰ ਲੱਗਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀਏ। ਤੁਸੀਂ ਬੇਸ਼ੱਕ ਕਾਮਯਾਬ ਨਹੀਂ ਹੋਵੋਂਗੇ, ਪਰ ਸ਼ੁਰੂਆਤ ਕਰਨੀ ਲਾਜ਼ਮੀ ਹੈ।’। ਜ਼ਿਕਰਯੋਗ ਹੈ ਕਿ ਬੰਬਲ ਦੇ ਵੈੱਬਸ਼ੋਅ ‘ਡੇਟਿੰਗ ਦੀਜ਼ ਡੇਜ਼’ ਵਿੱਚ ਨੀਨਾ ਗੁਪਤਾ ਇਹ ਗੱਲਬਾਤ ਕਰਦੀ ਨਜ਼ਰ ਆਵੇਗੀ। ਇਸ ਦੇ ਨਾਲ ਹੀ ਸ਼ੋਅ ਵਿੱਚ ਸਾਨਿਆ ਮਲਹੋਤਰਾ, ਕੀਰਤੀ ਕੁਲਹਾਰੀ, ਸੁਮੁਖੀ ਸੁਰੇਸ਼, ਸੁਸ਼ਾਂਤ ਦਿਵਗੀਕਰ ਤੇ ਮਾਨਵੀ ਗਗਰੂ ਵਰਗੇ ਸਿਤਾਰਿਆਂ ਨਾਲ ਵੀ ਡੇਟਿੰਗ ਸਬੰਧੀ ਵੱਖ-ਵੱਖ ਪ੍ਰੇਸ਼ਾਨੀਆਂ ਬਾਰੇ ਗੱਲਬਾਤ ਕੀਤੀ ਜਾਵਗੀ।