ਮੁੰਬਈ:ਉੱਘੀ ਅਦਾਕਾਰਾ ਨੀਤੂ ਕਪੂਰ ਨੇ ਆਪਣੀ ਪੋਤੀ ਰਾਹਾ ਦੀ ਪਹਿਲੀ ਲੋਹੜੀ ਮੌਕੇ ਪੁੱਤਰ ਰਣਬੀਰ ਕਪੂਰ ਤੇ ਨੂੰਹ ਆਲੀਆ ਭੱਟ ਨੂੰ ਵਧਾਈ ਦਿੱਤੀ। ਇੰਸਟਾਗ੍ਰਾਮ ’ਤੇ ਇੱਕ ਤਸਵੀਰ ਸਾਂਝੀ ਕਰਦਿਆਂ ਨੀਤੂ ਕਪੂਰ ਨੇ ਆਖਿਆ, ‘ਪਹਿਲੀ ਲੋਹੜੀ ਦੀਆਂ ਮੁਬਾਰਕਾਂ।’ ਇਸ ਤਸਵੀਰ ਵਿੱਚ ਆਲੀਆ ਤੇ ਰਣਬੀਰ ਨੇ ਰਾਹਾ ਨੂੰ ਗੋਦੀ ਚੁੱਕਿਆ ਹੋਇਆ ਹੈ ਤੇ ਪਿੱਛੇ ਕੰਧ ’ਤੇ ਇੱਕ ਨਿੱਕੀ ਜਿਹੀ ਫੁਟਬਾਲ ਟੀਮ ਦੀ ਜਰਸੀ ਟੰਗੀ ਹੋਈ ਹੈ। ਨੀਤੂ ਕਪੂਰ ਨੇ ਇਸ ਤਸਵੀਰ ਉੱਤੇ ਦੋਵਾਂ ਨੂੰ ਰਾਹਾ ਦੀ ਪਹਿਲੀ ਲੋਹੜੀ ਦੀ ਵਧਾਈ ਦਿੱਤੀ ਹੈ ਤੇ ਇਸ ਦੇ ਨਾਲ ਦੋ ਦਿਲ ਵਾਲੇ ਇਮੋਜੀ ਵੀ ਸਾਂਝੇ ਕੀਤੇ ਹਨ। ਜ਼ਿਕਰਯੋਗ ਹੈ ਕਿ ਆਲੀਆ ਭੱਟ ਤੇ ਰਣਬੀਰ ਕਪੂਰ ਦੇ ਘਰ ਪਿਛਲੇ ਸਾਲ 6 ਨਵੰਬਰ ਨੂੰ ਧੀ ਨੇ ਜਨਮ ਲਿਆ ਸੀ। ਆਲੀਆ ਨੇ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕਰਦਿਆਂ ਦੱਸਿਆ ਸੀ, ‘…ਤੇ ਸਾਡੇ ਜੀਵਨ ਦੀ ਸਭ ਤੋਂ ਪਿਆਰੀ ਖ਼ਬਰ… ਸਾਡੀ ਧੀ ਆ ਗਈ ਹੈ..!’ ਇਸ ਤੋਂ ਪਹਿਲਾਂ ਜੂਨ ਮਹੀਨੇ ਵਿੱਚ ਇਸ ਜੋੜੀ ਨੇ ਆਲੀਆ ਦੇ ਗਰਭਵਤੀ ਹੋਣ ਦੀ ਖੁਸ਼ੀ ਸਾਂਝੀ ਕੀਤੀ ਸੀ। ਜ਼ਿਕਰਯੋਗ ਹੈ ਕਿ ਅਦਾਕਾਰਾ ਨੀਤੂ ਕਪੂਰ ਨੇ ਹਾਲ ਹੀ ਵਿੱਚ ਆਪਣੀ ਅਗਲੀ ਫਿਲਮ ‘ਲੈਟਰਜ਼ ਟੂ ਮਿਸਟਰ ਖੰਨਾ’ ਦੀ ਸ਼ੂਟਿੰਗ ਮੁਕੰਮਲ ਕੀਤੀ ਹੈ। ਦੂਜੇ ਪਾਸੇ ਆਲੀਆ ਤੇ ਰਣਬੀਰ ਪਿਛਲੀ ਵਾਰ ‘ਬ੍ਰਹਮਾਸਤਰ: ਭਾਗ ਪਹਿਲਾ-ਸ਼ਿਵਾ’ ਵਿੱਚ ਦਿਖਾਈ ਦਿੱਤੇ ਸਨ।