ਨਿਊਯਾਰਕ, 28 ਸਤੰਬਰ
ਖਾਲਿਸਤਾਨੀ ਵੱਖਵਾਦੀ ਦੀ ਹੱਤਿਆ ’ਚ ਭਾਰਤ ਦੀ ‘ਸੰਭਾਵੀ’ ਸ਼ਮੂਲੀਅਤ ਦੇ ਕੈਨੇਡਾ ਦੇ ਦੋਸ਼ਾਂ ਤੋਂ ਬਾਅਦ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਨਵੀਂ ਦਿੱਲੀ ਓਟਵਾ ਨੂੰ ਦੱਸ ਚੁੱਕਾ ਹੈ ਕਿ ਇਹ ਭਾਰਤ ਸਰਕਾਰ ਦੀ ਨੀਤੀ ਨਹੀਂ ਹੈ, ਤੇ ਉਹ ਮਾਮਲੇ ਵਿਚ ‘ਕਿਸੇ ਖਾਸ’ ਤੇ ‘ਢੁੱਕਵੀਂ’ ਸੂਚਨਾ ਉਤੇ ਵਿਚਾਰ ਕਰਨ ਲਈ ਤਿਆਰ ਹਨ। ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਨੂੰ ਸੰਬੋਧਨ ਕਰਨ ਤੋਂ ਬਾਅਦ ਮੰਗਲਵਾਰ ਨੂੰ ਨਿਊਯਾਰਕ ਵਿਚ ਵਿਦੇਸ਼ ਸਬੰਧਾਂ ਬਾਰੇ ਪਰਿਸ਼ਦ ’ਚ ਗੱਲਬਾਤ ਦੌਰਾਨ ਇਹ ਟਿੱਪਣੀਆਂ ਕੀਤੀਆਂ। ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤ ਸਰਕਾਰ ਦੇ ‘ਏਜੰਟਾਂ’ ਦੀ ਸ਼ਮੂਲੀਅਤ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨਿ ਟਰੂਡੋ ਵੱਲੋਂ ਲਾਏ ਦੋਸ਼ਾਂ ਉਤੇ ਜਦ ਜੈਸ਼ੰਕਰ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ, ‘ਅਸੀਂ ਕੈਨੇਡਾ ਨੂੰ ਜੋ ਕਿਹਾ, ਉਸ ਨੂੰ ਮੈਂ ਤੁਹਾਡੇ ਨਾਲ ਬਹੁਤ ਸਪੱਸ਼ਟਤਾ ਨਾਲ ਸਾਂਝਾ ਕਰਾਂਗਾ।’ ਉਨ੍ਹਾਂ ਭਾਰਤ ਵਿਚ ਅਮਰੀਕਾ ਦੇ ਸਾਬਕਾ ਰਾਜਦੂਤ ਕੈਨੇਥ ਜਸਟਰ ਨਾਲ ਗੱਲਬਾਤ ਦੌਰਾਨ ਮੁੱਦੇ ਉਤੇ ਆਪਣੀ ਪਹਿਲੀ ਜਨਤਕ ਟਿੱਪਣੀ ਵਿਚ ਕਿਹਾ, ‘ਪਹਿਲੀ ਗੱਲ ਤਾਂ ਇਹ ਕਿ ਅਸੀਂ ਕੈਨੇਡੀਅਨ ਅਧਿਕਾਰੀਆਂ ਨੂੰ ਦੱਸਿਆ ਕਿ ਇਹ ਭਾਰਤ ਸਰਕਾਰ ਦੀ ਨੀਤੀ ਨਹੀਂ ਹੈ। ਦੂਜਾ, ਅਸੀਂ ਕੈਨੇਡੀਅਨਾਂ ਨੂੰ ਕਿਹਾ ਕਿ ਦੇਖੋ, ਜੇਕਰ ਤੁਹਾਡੇ ਕੋਲ ਕੋਈ ਵਿਸ਼ੇਸ਼ ਸੂਚਨਾ ਹੈ, ਕੋਈ ਢੁੱਕਵੀਂ ਜਾਣਕਾਰੀ ਹੈ ਤਾਂ ਸਾਨੂੰ ਦੱਸੋ। ਅਸੀਂ ਇਸ ਉਤੇ ਵਿਚਾਰ ਕਰਨ ਲਈ ਤਿਆਰ ਹਾਂ।’ ਜੈਸ਼ੰਕਰ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਕੈਨੇਡੀਅਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਸ ਮਾਮਲੇ ਵਿਚ ‘ਕੋਈ ਦਸਤਾਵੇਜ਼ ਨਹੀਂ ਦਿੱਤਾ ਹੈ।’ ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਮੰਗਲਵਾਰ ਦਿੱਤੇ ਭਾਸ਼ਣ ਵਿਚ ਵੀ ਜੈਸ਼ੰਕਰ ਨੇ ਕੈਨੇਡਾ ’ਤੇ ਨਾਂ ਲਏ ਬਿਨਾ ਨਿਸ਼ਾਨਾ ਸੇਧਿਆ ਸੀ।
ਜੈਸ਼ੰਕਰ ਨੇ ਕਿਹਾ, ‘ਤੁਹਾਨੂੰ ਸੰਦਰਭ ਵੀ ਸਮਝਣਾ ਪਏਗਾ ਕਿਉਂਕਿ ਸੰਦਰਭ ਬਿਨਾ ‘ਤਸਵੀਰ ਸਪੱਸ਼ਟ ਨਹੀਂ ਹੋਵੇਗੀ।’ ਉਨ੍ਹਾਂ ਕਿਹਾ, ‘ਤੁਹਾਨੂੰ ਇਹ ਸਮਝਣਾ ਪਏਗਾ ਕਿ ਪਿਛਲੇ ਕੁਝ ਸਾਲਾਂ ਵਿਚ ਕੈਨੇਡਾ ’ਚ ਵੱਖਵਾਦੀ ਤਾਕਤਾਂ, ਸੰਗਠਿਤ ਅਪਰਾਧ, ਹਿੰਸਾ, ਕੱਟੜਵਾਦ ਨਾਲ ਜੁੜੇ ਕਾਫ਼ੀ ਸੰਗਠਿਤ ਅਪਰਾਧ ਦੇਖੇ ਗਏ ਹਨ। ਇਨ੍ਹਾਂ ਦਾ ਆਪਸ ਵਿਚ ਬਹੁਤ ਗਹਿਰਾ ਸਬੰਧ ਹੈ। ਉਨ੍ਹਾਂ ਕਿਹਾ ਕਿ ਭਾਰਤ ‘ਵਿਸ਼ੇਸ਼ ਜਾਣਕਾਰੀਆਂ ਤੇ ਸੂਚਨਾਵਾਂ’ ਬਾਰੇ ਗੱਲ ਕਰ ਰਿਹਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਅਸਲ ਵਿਚ ਕੈਨੇਡੀਅਨ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਲਗਾਤਾਰ ਕਹਿੰਦਾ ਰਿਹਾ ਹੈ, ਉਨ੍ਹਾਂ ਨੂੰ ਕੈਨੇਡਾ ਤੋਂ ਚੱਲ ਰਹੇ ਸੰਗਠਿਤ ਅਪਰਾਧ ਬਾਰੇ ਕਾਫ਼ੀ ਸੂਚਨਾ ਦਿੱਤੀ ਗਈ ਹੈ। ਵੱਡੀ ਗਿਣਤੀ ਵਿਚ ਅਪਰਾਧੀਆਂ ਦੀ ਹਵਾਲਗੀ ਵੀ ਮੰਗੀ ਗਈ ਹੈ। ਅਤਿਵਾਦੀਆਂ ਦੇ ਆਗੂਆਂ ਦੀ ਪਛਾਣ ਵੀ ਦੱਸੀ ਗਈ ਹੈ। ਜੈਸ਼ੰਕਰ ਨੇ ਕਿਹਾ, ‘ਤੁਹਾਨੂੰ ਸਮਝਣਾ ਪਏਗਾ ਕਿ ਉੱਥੇ ਇਕ ਤਰ੍ਹਾਂ ਦਾ ਮਾਹੌਲ ਹੈ, ਜੇਕਰ ਤੁਸੀਂ ਇਹ ਸਮਝਣਾ ਹੈ ਕਿ ਉੱਥੇ ਕੀ ਚੱਲ ਰਿਹਾ ਹੈ ਤਾਂ ਇਸ ਗੱਲ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਸਾਡੀ ਚਿੰਤਾ ਇਹ ਹੈ ਕਿ ਰਾਜਨੀਤਕ ਕਾਰਨਾਂ ਕਰਕੇ ਇਸ ਸਭ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਸਾਡਾ ਸੰਕਟ ਹੈ ਕਿ ਸਾਡੇ ਰਾਜਦੂਤਾਂ ਨੂੰ ਧਮਕਾਇਆ ਜਾ ਰਿਹਾ ਹੈ, ਦੂਤਾਵਾਸਾਂ ਉਤੇ ਹਮਲੇ ਹੋਏ ਹਨ। ਇਨ੍ਹਾਂ ਵਿਚੋਂ ਬਹੁਤ ਕੁਝ ਇਹ ਕਹਿ ਕੇ ਸਹੀ ਠਹਿਰਾਇਆ ਜਾਂਦਾ ਹੈ ਕਿ ਲੋਕਤੰਤਰ ਇਸੇ ਤਰ੍ਹਾਂ ਕੰਮ ਕਰਦਾ ਹੈ।’ ਨਿੱਝਰ ਮਾਮਲੇ ’ਤੇ ‘ਫਾਈਵ ਆਈਜ਼’ ਮੁਲਕਾਂ ਵੱਲੋਂ ਆਪਸ ਵਿਚ ਜਾਣਕਾਰੀ ਸਾਂਝੀ ਕਰਨ ਤੇ ਅਮਰੀਕਾ ਵਿਚ ਐਫਬੀਆਈ ਵੱਲੋਂ ਸਿੱਖ ਆਗੂਆਂ ਨੂੰ ਜਾਨ ਦੇ ਖ਼ਤਰੇ ਬਾਰੇ ਚੌਕਸ ਕਰਨ ਦੇ ਮੁੱਦੇ ਉਤੇ ਜੈਸ਼ੰਕਰ ਨੇ ਕਿਹਾ, ‘ਮੈਂ ਫਾਈਵ ਆਈਜ਼ ਦਾ ਹਿੱਸਾ ਨਹੀਂ ਹਾਂ। ਮੈਂ ਐਫਬੀਆਈ ਦਾ ਵੀ ਹਿੱਸਾ ਨਹੀਂ ਹਾਂ। ਤੁਸੀਂ ਗਲਤ ਵਿਅਕਤੀ ਤੋਂ ਸਵਾਲ ਕਰ ਰਹੇ ਹੋ।’