ਨਵੀਂ ਦਿੱਲੀ: ਸ੍ਰੀਹਰਸ਼ਾ ਦੇਵਰਾਦੀ ਰਾਮਕ੍ਰਿਸ਼ਨ ਫਰਾਂਸ ਦੇ ਚੈਟੇਰੋਕਸ ਵਿੱਚ ਚੱਲ ਰਹੇ ਪੈਰਾ ਸ਼ੂਟਿੰਗ ਵਿਸ਼ਵ ਕੱਪ ਵਿੱਚ ਮਿਕਸਡ 10 ਮੀਟਰ ਏਅਰ ਰਾਈਫਲ ਐੱਸਐੱਚ2 ਈਵੈਂਟ ’ਚ ਸੋਨ ਤਮਗਾ ਜਿੱਤ ਕੇ ਪੈਰਿਸ ਪੈਰਾਲੰਪਿਕ 2024 ਲਈ ਕੋਟਾ ਹਾਸਲ ਕਰਨ ਵਾਲਾ ਦੂਜਾ ਭਾਰਤੀ ਪੈਰਾ ਸ਼ੂਟਰ ਬਣ ਗਿਆ ਹੈ। ਰਾਮਕ੍ਰਿਸ਼ਨ ਨੇ ਫਾਈਨਲ ਵਿੱਚ 253.1 ਦੇ ਸਕੋਰ ਨਾਲ ਸੋਨ ਤਗ਼ਮਾ ਜਿੱਤਿਆ। ਪੈਰਿਸ ਪੈਰਾਲੰਪਿਕ ਵਿੱਚ ਥਾਂ ਬਣਾਉਣ ਵਾਲੀ ਦੂਜੀ ਨਿਸ਼ਾਨੇਬਾਜ਼ ਅਵਨੀ ਲੇਖਾਰਾ ਹੈ, ਜਿਸ ਨੇ ਬੀਤੇ ਦਿਨ ਮਹਿਲਾ ਆਰ2 ਵਰਗ ਵਿੱਚ 10 ਮੀਟਰ ਏਅਰ ਰਾਈਫਲ ਸਟੈਂਡਿੰਗ ਐੱਸਐੱਚ1 ਈਵੈਂਟ ਵਿੱਚ 250.6 ਦੇ ਸਕੋਰ ਨਾਲ ਸੋਨ ਤਮਗਾ ਜਿੱਤਿਆ। ਉਸ ਨੇ ਆਪਣਾ ਹੀ 249.6 ਦਾ ਵਿਸ਼ਵ ਰਿਕਾਰਡ ਤੋੜਿਆ। ਇਨ੍ਹਾਂ ਪ੍ਰਾਪਤੀਆਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਵਨੀ ਲੇਖਾਰਾ ਅਤੇ ਰਾਮਕ੍ਰਿਸ਼ਨ  ਨੂੰ ਟਵੀਟ ਕਰ ਕੇ ਵਧਾਈ ਦਿੱਤੀ। ਉਨ੍ਹਾਂ ਅਵਨੀ ਦੀ ਜਿੱਤ ਨੂੰ ‘ਇਤਿਹਾਸਕ ਪ੍ਰਾਪਤੀ’ ਦੱਸਿਆ।