ਨਵੀਂ ਦਿੱਲੀ, 20 ਨਵੰਬਰ
ਪੰਜਾਬ ਦੀ ਰਾਜੇਸ਼ਵਰੀ ਕੁਮਾਰੀ ਨੇ ਇੱਥੇ ਚੱਲ ਰਹੀ 63ਵੀਂ ਕੌਮੀ ਸ਼ਾਟਗੰਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੌਰਾਨ ਮਹਿਲਾ ਟਰੈਪ ਮੁਕਾਬਲੇ ਵਿੱਚ ਕੌਮੀ ਰਿਕਾਰਡ ਬਣਾਇਆ। ਇਸ ਰਿਕਾਰਡ ਦੀ ਪੁਸ਼ਟੀ ਭਾਰਤੀ ਕੌਮੀ ਰਾਈਫਲ ਐਸੋਸੀਏਸ਼ਨ (ਐੱਨਆਰਏਆਈ) ਨੇ ਕੀਤੀ ਹੈ। ਰਾਜੇਸ਼ਵਰੀ ਨੇ ਕੁਆਲੀਫਾਈਂਗ ਵਿੱਚ 125 ਵਿੱਚੋਂ 118 ਅੰਕ ਲਏ ਅਤੇ ਫਿਰ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਿੱਚ ਸਫਲ ਰਹੀ। ਉਸ ਨੇ 69 ਨਿਸ਼ਾਨੇਬਾਜ਼ਾਂ ਵਿਚਾਲੇ 24, 23, 24, 24 ਅਤੇ 23 ਦੀ ਸੀਰੀਜ਼ ਬਣਾਈ।
ਰਾਜੇਸ਼ਵਰੀ ਦਾ ਕੁਆਲੀਫਾਈਂਗ ਸਕੋਰ ਬੀਤੇ ਰਿਕਾਾਰਡ ਤੋਂ ਦੋ ਅੰਕ ਬਿਹਤਰ ਹੈ ਜੋ ਸਾਂਝੇ ਤੌਰ ’ਤੇ ਮਾਹਿਰ ਮਹਿਲਾ ਟਰੈਪ ਨਿਸ਼ਾਨੇਬਾਜ਼ਾਂ ਸੀਮਾ ਤੋਮਰ, ਸ਼੍ਰੇਅਸੀ ਸਿੰਘ ਅਤੇ ਮਨੀਸ਼ਾ ਕੀਰ ਦੇ ਨਾਮ ਸੀ। ਰਾਜੇਸ਼ਵਰੀ ਨੇ ਇਸ ਉਪਲਬਧੀ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ, ‘‘ਮੈਂ ਹਾਲਾਂਕਿ ਸੋਨ ਤਗ਼ਮੇ ਤੋਂ ਖੁੰਝ ਗਈ, ਪਰ ਮੈਨੂੰ ਫਿਰ ਵੀ ਕੌਮੀ ਰਿਕਾਰਡ ਬਣਾਉਣ ਦਾ ਮਾਣ ਹੈ। ਮੈਂ ਕੁੱਝ ਨਾਮਵਰ ਨਿਸ਼ਾਨਚੀਆਂ ਨੂੰ ਪਛਾੜਿਆ। ਇੱਕ ਵੇਲੇ ਮੇਰੇ ਪਿਤਾ ਦੇ ਨਾਮ ’ਤੇ ਵੀ ਰਿਕਾਰਡ ਸੀ ਅਤੇ ਮੈਨੂੰ ਖ਼ੁਸ਼ੀ ਹੈ ਕਿ ਉਹ ਆਪਣੇ ਆਦਰਸ਼ ਦੀ ਬਰਾਬਰੀ ਕਰ ਸਕੀ।’’ ਸੀਮਾ ਅਤੇ ਸ਼੍ਰੇਅਸੀ ਨੇ ਇੰਡੋਨੇਸ਼ੀਆ, ਜਦਕਿ ਮਨੀਸ਼ ਨੇ ਜੈਪੁਰ ਵਿੱਚ ਕੌਮੀ ਚੈਂਪੀਅਨਸ਼ਿਪ ਦੌਰਾਨ ਇਹ ਸਕੋਰ ਬਣਾਇਆ ਸੀ। ਮਾਹਿਰ ਨਿਸ਼ਾਨਚੀ ਸ਼ਗੁਨ ਚੌਧਰੀ ਨੇ ਵੀ 117 ਅੰਕ ਨਾਲ ਫਾਈਨਲ ਵਿੱਚ ਥਾਂ ਬਣਾਈ ਸੀ।