ਹਾਂਗਜ਼ੂ, 29 ਸਤੰਬਰ
ਭਾਰਤ ਦੀ ਪੁਰਸ਼ 10 ਏਅਰ ਪਿਸਟਲ ਟੀਮ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਪਰ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ਵਾਲੇ ਸਰਬਜੋਤ ਸਿੰਘ ਅਤੇ ਅਰਜੁਨ ਸਿੰਘ ਚੀਮਾ ਤਗ਼ਮਾ ਜਿੱਤਣ ’ਚ ਅਸਫ਼ਲ ਰਹੇ। ਸਰਬਜੋਤ ਸਿੰਘ, ਅਰਜੁਨ ਸਿੰਘ ਚੀਮਾ ਅਤੇ ਸ਼ਵਿ ਨਰਵਾਲ ਨੇ ਬੇਹੱਦ ਕਰੀਬੀ ਮੁਕਾਬਲੇ ਵਿੱਚ ਚੀਨ ਦੀ ਟੀਮ ਨੂੰ ਪਛਾੜਦਿਆਂ ਸਿਖਰਲਾ ਸਥਾਨ ਹਾਸਲ ਕੀਤਾ ਅਤੇ ਭਾਰਤ ਨੂੰ ਨਿਸ਼ਾਨੇਬਾਜ਼ੀ ਵਿੱਚ ਚੌਥਾ ਸੋਨ ਤਗ਼ਮਾ ਦਵਿਾਇਆ।
ਭਾਰਤੀ ਨਿਸ਼ਾਨੇਬਾਜ਼ ਮੌਜੂਦਾ ਖੇਡਾਂ ਵਿੱਚ ਹੁਣ ਤੱਕ ਚਾਰ ਸੋਨ, ਚਾਰ ਚਾਂਦੀ ਅਤੇ ਪੰਜ ਕਾਂਸੇ ਦੇ ਤਗ਼ਮੇ ਜਿੱਤ ਚੁੱਕੇ ਹਨ। ਭਾਰਤੀ ਤਿੱਕੜੀ ਨੇ ਕੁਆਲੀਫਿਕੇਸ਼ਨ ਵਿੱਚ ਕੁੱਲ 1734 ਅੰਕ ਹਾਸਲ ਕੀਤੇ, ਜੋ ਚੀਨ ਦੀ ਟੀਮ ਤੋਂ ਇੱਕ ਅੰਕ ਵੱਧ ਹੈ। ਚੀਨ ਨੂੰ ਚਾਂਦੀ, ਜਦਕਿ ਵੀਅਤਨਾਮ (1730) ਨੂੰ ਕਾਂਸੇ ਦਾ ਤਗ਼ਮਾ ਮਿਲਿਆ। ਸਰਬਜੋਤ ਸਿੰਘ ਨੇ ਕੁਆਲੀਫਿਕੇਸ਼ਨ ਵਿੱਚ 580, ਚੀਮਾ ਨੇ 578 ਅਤੇ ਨਰਵਾਲ ਨੇ 576 ਅੰਕ ਬਣਾਏ। ਸਰਬਜੋਤ ਅਤੇ ਅਰਜੁਨ ਨੇ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ ਵੀ ਜਗ੍ਹਾ ਬਣਾਈ ਪਰ ਕ੍ਰਮਵਾਰ ਚੌਥੇ ਅਤੇ ਅੱਠਵੇਂ ਸਥਾਨ ’ਤੇ ਰਹੇ। ਵੀਅਤਨਾਮ ਦੇ ਫੇਮ ਕੁਆਂਗ ਹੁਈ ਨੇ 240.5 ਅੰਕ ਨਾਲ ਸੋਨ ਤਗ਼ਮਾ ਜਿੱਤਿਆ, ਜਦਕਿ ਦੱਖਣੀ ਕੋਰੀਆ ਦੇ ਲੀ ਵੋਨਹੋ (239.4) ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਉਜ਼ਬੇਕਿਸਤਾਨ ਦੇ ਵਲਾਦੀਮੀਰ ਸਵੇਚਨਿਕੋਟ (219.9) ਨੂੰ ਕਾਂਸੇ ਦਾ ਤਗ਼ਮਾ ਮਿਲਿਆ। ਸਰਬਜੋਤ ਸਿੰਘ 199 ਅੰਕ ਨਾਲ ਚੌਥੇ ਸਥਾਨ ’ਤੇ ਰਿਹਾ। ਅਰਜੁਨ ਸਿੰਘ ਚੀਮਾ ਅੱਠਵੇਂ ਅਤੇ ਆਖ਼ਰੀ ਸਥਾਨ ’ਤੇ ਰਿਹਾ। ਸਕੀਟ ਮਿਕਸਡ ਟੀਮ ਮੁਕਾਬਲੇ ਵਿੱਚ ਅਨੰਤ ਜੀਤ ਸਿੰਘ ਨਰੂਕਾ ਅਤੇ ਗਨੀਮਤ ਸੇਖੋਂ ਦੀ ਜੋੜੀ ਕੁਆਲੀਫਿਕੇਸ਼ਨ ਵਿੱਚ ਅੱਠ ਟੀਮਾਂ ’ਚੋਂ ਸੱਤਵੇਂ ਸਥਾਨ ’ਤੇ ਰਹਿੰਦਿਆਂ ਤਗ਼ਮੇ ਦੀ ਦੌੜ ’ਚੋਂ ਬਾਹਰ ਹੋ ਗਈ। ਪੁਰਸ਼ ਵਿਅਕਤੀਗਤ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਅਨੰਤ ਨੇ 71, ਜਦਕਿ ਗਨੀਮਤ ਨੇ 67 ਅੰਕ ਹਾਸਲ ਕੀਤੇ। ਭਾਰਤੀ ਟੀਮ ਦਾ ਕੁੱਲ ਸਕੋਰ 138 ਰਿਹਾ। ਇਸ ਮੁਕਾਬਲੇ ਵਿੱਚ ਸਿਖਰਲੀਆਂ ਛੇ ਟੀਮਾਂ ਨੇ ਫਾਈਨਲ ਵਿੱਚ ਜਗ੍ਹਾ ਬਣਾਈ।
ਸ਼ਨਿੱਚਰਵਾਰ ਨੂੰ ਆਪਣਾ 22ਵਾਂ ਜਨਮਦਨਿ ਮਨਾਉਣ ਜਾ ਰਹੇ ਸਰਬਜੋਤ ਸਿੰਘ ਨੇ ਟੀਮ ਸੋਨ ਤਗ਼ਮੇ ਵਜੋਂ ਖ਼ੁਦ ਨੂੰ ਤੋਹਫ਼ਾ ਦਿੱਤਾ। ਨਿਸ਼ਾਨੇਬਾਜ਼ੀ ਦੇ ਟੀਮ ਮੁਕਾਬਲੇ ਵਿੱਚ ਇਹ ਭਾਰਤ ਦਾ ਤੀਜਾ ਸੋਨ ਤਗ਼ਮਾ ਹੈ। ਇਸ ਤੋਂ ਪਹਿਲਾਂ 10 ਮੀਟਰ ਏਅਰ ਰਾਈਫਲ ਅਤੇ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਭਾਰਤੀ ਟੀਮ ਸੋਨ ਤਗ਼ਮਾ ਜਿੱਤ ਚੁੱਕੀ ਹੈ। ਇਸੇ ਸਾਲ ਭੁਪਾਲ ਵਿੱਚ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਸੀਨੀਅਰ ਪੱਧਰ ’ਤੇ ਆਪਣਾ ਪਹਿਲਾ ਵਿਅਕਤੀਗਤ ਸੋਨ ਤਗ਼ਮਾ ਜਿੱਤਣ ਵਾਲੇ ਸਰਬਜੋਤ ਨੇ ਕੁਆਲੀਫਿਕੇਸ਼ਨ ਵਿੱਚ ਪੰਜਵੇਂ ਸਥਾਨ ’ਤੇ ਰਹਿੰਦਿਆਂ ਵਿਅਕਤੀਗਤ ਫਾਈਨਲ ਵਿੱਚ ਜਗ੍ਹਾ ਬਣਾਈ। ਅਰਜੁਨ ਸਿੰਘ ਚੀਮਾ ਵੀ ਅੱਠਵੇਂ ਸਥਾਨ ’ਤੇ ਰਹਿੰਦਿਆਂ ਫਾਈਨਲ ਵਿੱਚ ਪਹੁੰਚਿਆ। ਹਾਲਾਂਕਿ ਸਰਬਜੋਤ ਸਿੰਘ ਆਸ ਮੁਤਾਬਿਕ ਪ੍ਰਦਰਸ਼ਨ ਨਹੀਂ ਕਰ ਸਕਿਆ।