ਦੋਹਾ, 11 ਨਵੰਬਰ
ਅੰਗਦਵੀਰ ਸਿੰਘ ਬਾਜਵਾ ਅਤੇ ਮੈਰਾਜ ਅਹਿਮਦ ਖ਼ਾਨ ਨੇ ਪੁਰਸ਼ਾਂ ਦੇ ਸਕੀਟ ਮੁਕਾਬਲੇ ਵਿੱਚ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ’ਤੇ ਰਹਿੰਦਿਆਂ, ਜਦਕਿ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਪੁਰਸ਼ਾਂ ਦੀ 50 ਮੀਟਰ ਥ੍ਰੀ ਪੁਜ਼ੀਸ਼ਨ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਅੱਜ ਇੱਥੇ 14ਵੀਂ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਭਾਰਤ ਨੂੰ ਤਿੰਨ ਓਲੰਪਿਕ ਕੋਟੇ ਦਿਵਾਏ। ਇਨ੍ਹਾਂ ਨਿਸ਼ਾਨੇਬਾਜ਼ਾਂ ਦੇ ਤਗ਼ਮਿਆਂ ਨਾਲ ਟੋਕੀਓ ਓਲੰਪਿਕ 2020 ਲਈ ਭਾਰਤੀ ਨਿਸ਼ਾਨੇਬਾਜ਼ਾਂ ਨੇ ਹੁਣ ਤੱਕ ਰਿਕਾਰਡ 15 ਕੋਟੇ ਹਾਸਲ ਕਰ ਲਏ ਹਨ। ਲੰਡਨ ਓਲੰਪਿਕ 2012 ਵਿੱਚ ਭਾਰਤ ਦੇ 11 ਨਿਸ਼ਾਨੇਬਾਜ਼ਾਂ ਨੇ ਹਿੱਸਾ ਲਿਆ ਸੀ, ਜਦਕਿ ਰੀਓ (2016) ਵਿੱਚ 12 ਭਾਰਤੀ ਨਿਸ਼ਾਨੇਬਾਜ਼ ਉਤਰੇ ਸਨ। ਇੱਥੇ ਲੁਸਾਨੇ ਨਿਸ਼ਾਨੇਬਾਜ਼ੀ ਕੰਪਲੈਕਸ ਵਿੱਚ ਸਕੀਟ ਮੁਕਾਬਲੇ ਵਿੱਚ ਦੋਵੇਂ ਭਾਰਤੀ ਖਿਡਾਰੀ 56 ਅੰਕ ਨਾਲ ਸਾਂਝੇ ਤੌਰ ’ਤੇ ਚੋਟੀ ’ਤੇ ਸਨ, ਜਿਸ ਮਗਰੋਂ ਜੇਤੂ ਦਾ ਫ਼ੈਸਲਾ ਸ਼ੂਟ-ਆਫ਼ ਨਾਲ ਹੋਇਆ। ਅੰਗਦ ਨੇ ਸ਼ੂਟ-ਆਫ਼ ਵਿੱਚ ਮੈਰਾਜ ਨੂੰ 6-5 ਨਾਲ ਪਛਾੜਿਆ। ਇਸ ਤੋਂ ਪਹਿਲਾਂ ਤੋਮਰ ਨੇ ਅੱਠ ਪੁਰਸ਼ਾਂ ਦੇ ਫਾਈਨਲ ਵਿੱਚ 440.1 ਅੰਕ ਬਣਾ ਕੇ ਤੀਜਾ ਸਥਾਨ ਹਾਸਲ ਕੀਤਾ। ਕੋਰੀਆ ਦੇ ਕਿਮ ਜੋਂਗਯੁਨ (459.9) ਨੇ ਸੋਨਾ ਅਤੇ ਚੀਨ ਦੇ ਜ਼ੋਂਗਹਾਓ ਜ਼ਾਓ (459.1) ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸ 18 ਸਾਲਾ ਭਾਰਤੀ ਨਿਸ਼ਾਨੇਬਾਜ਼ ਨੇ ਕੁਆਲੀਫਾਈਂਗ ਵਿੱਚ 1168 ਅੰਕ ਬਣਾ ਕੇ ਫਾਈਨਲਜ਼ ਵਿੱਚ ਥਾਂ ਸੁਰੱਖਿਅਤ ਕੀਤੀ ਸੀ। ਟੂਰਨਾਮੈਂਟ ਵਿੱਚ ਭਾਰਤੀ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਸਿਲਸਿਲੇ ਨੂੰ ਜਾਰੀ ਰੱਖਦਿਆਂ ਮਨੂ ਭਾਕਰ ਅਤੇ ਅਭਿਸ਼ੇਕ ਵਰਮਾ ਦੀ ਜੋੜੀ ਨੇ ਸੌਰਭ ਚੌਧਰੀ ਅਤੇ ਯਸ਼ਸਵਿਨੀ ਸਿੰਘ ਦੇਸ਼ਵਾਲ ਦੀ ਜੋੜੀ ਨੂੰ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ 16-10 ਨਾਲ ਹਰਾ ਕੇ ਸੋਨ ਤਗ਼ਮਾ ਆਪਣੇ ਨਾਮ ਕੀਤਾ। ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਹੋਰ ਭਾਰਤੀਆਂ ਵਿੱਚ ਚੈਨ ਸਿੰਘ ਕੁਆਲੀਫਿਕੇਸ਼ਨ ਵਿੱਚ 17ਵੇਂ ਅਤੇ ਪਾਰੂਲ ਕੁਮਾਰ 20ਵੇਂ ਸਥਾਨ ’ਤੇ ਰਹੇ। ਮੱਧ ਪ੍ਰਦੇਸ਼ ਦੇ ਖਰਗੌਨ ਦੇ ਰਹਿਣ ਵਾਲੇ ਤੋਮਰ ਨੇ ਜਰਮਨੀ ਦੇ ਸੁਹਲ ਵਿੱਚ ਆਈਐੱਸਐੱਸਐੱਫ ਜੂਨੀਅਰ ਵਿਸ਼ਵ ਕੱਪ ਦੌਰਾਨ ਰਾਈਫਲ ਥ੍ਰੀ ਪੁਜ਼ੀਸ਼ਨ ਦੇ ਜੂਨੀਅਰ ਵਰਗ ਵਿੱਚ ਵਿਸ਼ਵ ਰਿਕਾਰਡ ਬਣਾਇਆ ਸੀ। ਤੋਮਰ ਥ੍ਰੀ ਪੁਜ਼ੀਸ਼ਨ ਵਿੱਚ ਸੰਜੀਵ ਰਾਜਪੂਤ ਮਗਰੋਂ ਕੋਟਾ ਹਾਸਲ ਕਰਨ ਵਾਲਾ ਦੂਜਾ ਭਾਰਤੀ ਨਿਸ਼ਾਨੇਬਾਜ਼ ਹੈ।