ਲਾਸ ਏਂਜਲਸ, 23 ਅਗਸਤ

ਅਦਾਕਾਰਾ ਨਿਕੋਲ ਕਿਡਮੈਨ ਦਾ ਕਹਿਣਾ ਹੈ ਕਿ ਉਸ ਦੇ ਦੋਵਾਂ ਬੱਚਿਆਂ ਨੇ ਉਸ ਨੂੰ ਹੌਲੀਵੁੱਡ ਵਿੱਚ ਵੱਧ ਉਮਰ ਦੀ ਔਰਤ ਵਜੋਂ ਆਈ ਪ੍ਰੇਸ਼ਾਨੀ ਵਿੱਚੋਂ ਨਿਕਲਣ ’ਚ ਮਦਦ ਕੀਤੀ। ਫੀਮੇਲਫਰਸਟ.ਕੋ.ਯੂਕੇ. ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਪਤੀ ਕੀਥ ਅਰਬਨ ਨਾਲ ਉਸ ਦੀਆਂ ਦੋ ਬੱਚੀਆਂ ਸੰਡੇ ਰੋਜ਼ ਅਤੇ ਫੇਥ ਮਾਰਗਰੇਟ ਨੇ ਉਸ ਦੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਕਿਡਮੈਨ ਨੇ ਕਿਹਾ, ‘‘ਮੈਂ ਨਿਰਾਸ਼ ਸੀ ਕਿਉਂਕਿ ਬਹੁਤ ਸਾਰੀਆਂ ਔਰਤਾਂ ਵੱਖੋ-ਵੱਖ ਖੇਤਰਾਂ ’ਚ ਕਰੀਅਰ ਬਣਾ ਰਹੀਆਂ ਸਨ। ਜਦੋਂ ਤੁਸੀਂ ਉਮਰ ਦੇ 40ਵੇਂ ਸਾਲ ਵਿੱਚ ਹੁੰਦੇ ਹੋ ਤਾਂ ਕੋਈ ਵੀ ਤੁਹਾਡੇ ਵਿਚਾਰ ਸੁਣਨ ਵਿੱਚ ਦਿਲਚਸਪੀ ਨਹੀਂ ਲੈਂਦਾ। ਕਿਸੇ ਨੂੰ ਪ੍ਰਵਾਹ ਨਹੀਂ ਕਿ ਤੁਸੀਂ ਵਿਅਕਤੀਗਤ ਰੂਪ ਵਿੱਚ ਕੌਣ ਹੋ। ਸਭ ਠੀਕ ਹੋਵੇਗਾ ਦੀ ਉਮੀਦ ਨਾਲ ਤੁਹਾਨੂੰ ਇਸ ਸਭ ਕਾਸੇ ਵਿੱਚੋਂ ਲੰਘਣਾ ਪੈਂਦਾ ਹੈ।’’ ਆਪਣੇ ਬੱਚਿਆਂ ਬਾਰੇ ਗੱਲ ਕਰਦਿਆਂ ਨਿਕੋਲ ਨੇ ਕਿਹਾ, ‘‘ਸਾਡੇ ਕੋਲ ਬੱਚੇ ਪੈਦਾ ਕਰਨ ਲਈ ਸਿਰਫ਼ ਇੱਕ ਫ਼ੀਸਦੀ ਮੌਕਾ ਸੀ ਅਤੇ ਮੇਰੇ ਪਤੀ ਨੇ ਮੈਨੂੰ ਹੌਸਲਾ ਦਿੱਤਾ ਕਿ ਘੱਟੋ-ਘੱਟ ਸਾਡੇ ਕੋਲ ਇੱਕ ਮੌਕਾ ਹੈ। ਮੈਨੂੰ ਲੱਗਿਆ ‘ਇੱਕ ਫ਼ੀਸਦੀ ਕੋਈ ਮੌਕਾ ਨਹੀਂ ਹੁੰਦਾ’ ਪਰ ਉਹ ਸਹੀ ਸਨ। ਬੱਚਿਆਂ ਦੇ ਆਉਣ ਨਾਲ ਜ਼ਿੰਦਗੀ ਸੱਚਮੁੱਚ ਬਦਲ ਗਈ ਅਤੇ ਇਹ ਸਭ ਤੋਂ ਸ਼ਾਨਦਾਰ ਪਲ ਸੀ।’’ ਨਿਕੋਲ ਕਿਡਮੈਨ ਦਾ ਪਹਿਲਾਂ ਵਿਆਹ ਅਦਾਕਾਰ ਟੌਮ ਕਰੂਜ਼ ਨਾਲ 1990 ਵਿੱਚ ਹੋਇਆ ਸੀ ਅਤੇ 2001 ਵਿੱਚ ਦੋਵਾਂ ਦਾ ਤਲਾਕ ਹੋ ਗਿਆ ਸੀ। ਇਸ ਮਗਰੋਂ ਅਦਾਕਾਰਾ ਨੇ 2006 ਵਿੱਚ ਕੀਥ ਅਰਬਨ ਨਾਲ ਵਿਆਹ ਕਰਵਾ ਲਿਆ ਸੀ।